ਚਾਹਰ ਪਿੱਠ ਦਰਦ ਕਾਰਨ ਟੀਮ ’ਚੋਂ ਬਾਹਰ
ਜ਼ਖ਼ਮੀ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਵੈਸਟ ਇੰਡੀਜ਼ ਖ਼ਿਲਾਫ਼ ਐਤਵਾਰ ਨੂੰ ਖੇਡੇ ਜਾਣ ਵਾਲੇ ਤੀਜੇ ਤੇ ਆਖ਼ਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਤੋਂ ਬਾਹਰ ਹੋ ਗਿਆ ਹੈ ਅਤੇ ਨਵਦੀਪ ਸੈਣੀ ਨੂੰ ਉਸ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਦੀਪਕ ਚਾਹਰ ਨੇ ਬੁੱਧਵਾਰ ਨੂੰ ਖੇਡੇ ਗਏ ਦੂਜੇ ਇਕ ਰੋਜ਼ਾ ਮੈਚ ਦੇ ਬਾਅਦ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਦੀ ਸ਼ਿਕਾਇਤ ਕੀਤੀ। ਕ੍ਰਿਕਟ ਬੋਰਡ ਦੇ ਡਾਕਟਰ ਨੇ ਉਸ ਨੂੰ ਦੇਖਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਣ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਇਸ ਵਾਸਤੇ ਉਹ ਆਖ਼ਰੀ ਇਕ ਰੋਜ਼ਾ ਮੈਚ ਤੋਂ ਬਾਹਰ ਹੋ ਗਿਆ ਹੈ।’’ ਜ਼ਿਕਰਯੋਗ ਹੈ ਕਿ ਚਾਹਰ ਹਾਲ ਹੀ ਵਿੱਚ ਟੀ20 ਕੌਮਾਂਤਰੀ ਕ੍ਰਿਕਟ ’ਚ ਹੈਟ੍ਰਿਕ ਲਾਉਣ ਵਾਲਾ ਪਹਿਲਾ ਭਾਰਤੀ ਪੁਰਸ਼ ਖਿਡਾਰੀ ਬਣਿਆ ਸੀ। ਉਸ ਨੇ ਆਈਪੀਐੱਲ ’ਚ ਚੇਨੱਈ ਸੁਪਰਕਿੰਗਜ਼ ਲਈ ਦੋ ਸੈਸ਼ਨਾਂ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ ਕੌਮੀ ਟੀਮ ’ਚ ਜਗ੍ਹਾ ਬਣਾਈ।ਸੈਣੀ ਨੇ ਵੀ ਆਪਣੇ ਕੌਮਾਂਤਰੀ ਕਰੀਅਰ ਦਾ ਆਗਾਜ਼ ਵੈਸਟ ਇੰਡੀਜ਼ ਖ਼ਿਲਾਫ਼ ਸ਼ਾਨਦਾਰ ਤਰੀਕੇ ਨਾਲ ਕੀਤਾ ਸੀ। ਉਸ ਨੇ ਇਸ ਸਾਲ ਦੀ ਸ਼ੁਰੂਆਤ ’ਚ ਅਮਰੀਕਾ ਵਿੱਚ ਖੇਡੇ ਗਏ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ (ਫਲੋਰੀਡਾ) ਅਤੇ ਆਪਣੇ ਸ਼ੁਰੂਆਤੀ ਮੈਚ ’ਚ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ। ਦਿੱਲੀ ਦੇ ਇਸ ਤੇਜ਼ ਗੇਂਦਬਾਜ਼ ਨੂੰ ਦੂਜੇ ਟੀ20 ’ਚ ਕੋਈ ਸਫ਼ਲਤਾ ਨਹੀਂ ਮਿਲੀ ਜਦੋਂਕਿ ਤੀਜੇ ਟੀ20 ’ਚ ਉਸ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ।






