ਅਮਿੱਤ ਰਤਨ ਕੋਟਫੱਤਾ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ‘ਤੇ ਦਿੱਤੀ ਵਧਾਈ
ਪੰਥ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਤਤਪਰ ਹਨ ਸੁਖਬੀਰ
ਬਠਿੰਡਾ – ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਤੀਸਰੀਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ‘ਤੇ ਹਲਕਾ ਬਠਿੰਡਾ ਦਿਹਾਤੀ ਦੇ ਅਕਾਲੀ- ਭਾਜਪਾ ਗੱਠਜੋੜ ਦੇ ਇੰਚਾਰਜ ਇੰਜੀ. ਅਮਿਤ ਰਤਨ ਕੋਟਫੱਤਾ ਵੱਲੋਂ ਵਧਾਈ ਦਿੱਤੀ ਗਈ। ਅਮਿਤ ਰਤਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲ ਕੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਇਸ ਮੌਕੇ ਅਮਿੱਤ ਰਤਨ ਕੋਟਫੱਤਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਜਿਹੇ ਨੇਤਾ ਹਨ ਜੋ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਭਲੇ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਵਰ੍ਹਿਆਂ ਦੌਰਾਨ ਅਕਾਲੀ -ਭਾਜਪਾ ਗਠਜੋੜ ਸਰਕਾਰ ਦੇ ਰਾਜ ਸਮੇਂ ਪੰਜਾਬ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਤੇ ਅਜਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਉਪ-ਮੁੱਖ ਮੰਤਰੀ ਵਰਗੀ ਅਹਿਮ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਹੋਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਦਾ ਸਮਾਂ ਇੱਕ ਕੀਤਾ, ਇਸ ਕਾਰਨ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਵਾਂਗਡੋਰ ਸੰਭਾਈ ਗਈ ਹੈ। ਅਮਿਤ ਰਤਨ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕਾਂਗਰਸ ਦੇ ਢਾਈ ਸਾਲਾਂ ਦੇ ਰਾਜ ਦੌਰਾਨ ਹੀ ਸੂਬੇ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ ਅਤੇ ਅਮਨ ਕਾਨੂੰਨ ਬੁਰੀ ਤਰ੍ਹਾਂ ਭੰਗ ਹੋ ਚੁੱਕਾ ਹੈ। ਸੂਬੇ ਵਿੱਚ ਹਰ ਨਾਗਰਿਕ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਢਾਈ ਸਾਲਾਂ ਦੇ ਰਾਜ ਦੌਰਾਨ ਹੀ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਮੁੜ ਤੋਂ ਅਕਾਲੀ ਭਾਜਪਾ ਗੱਠਜੋੜ ਨੂੰ ਪੰਜਾਬ ਦੀ ਵਾਂਗਡੋਰ ਸੰਭਾਲਣ ਲਈ ਕਾਹਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2022 ਦੀਆਂ ਆਮ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਪੰਜਾਬ ਵਿਚ ਬਣਾਈ ਜਾਵੇਗੀ।






