April 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਸੀਜ਼ ਫਾਇਰਿੰਗ ਦੀ ਜਵਾਬੀ ਕਰਾਵਈ ‘ਚ 2 ਪਾਕਿ ਸੈਨਿਕ ਢੇਰ

ਭਾਰਤੀ ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ

ਜੰਮੂ – ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਅਤੇ ਪਲਾਨਵਾਲਾ ‘ਚ ਪਾਕਿਸਤਾਨੀ ਸੈਨਿਕਾਂ ਵੱਲੋਂ ਸ਼ਨਿੱਚਰਵਾਰ ਨੂੰ ਕੀਤੀ ਸੀਜ਼ ਫਾਇਰਿੰਗ ਦੀ ਜਵਾਬੀ ਕਰਾਵਈ ‘ਚ 2 ਪਾਕਿਸਤਾਨੀ ਸੈਨਿਕ ਮਾਰੇ ਗਏ। ਸਵੇਰੇ ਭਾਰਤੀ ਸੈਨਾ ਨੇ ਐਲ.ਓ.ਸੀ. ਨੇੜੇ 2 ਲਾਸ਼ਾਂ ਪਈਆਂ ਵੇਖੀਆਂ। ਮਕਬੂਜ਼ਾ ਕਸ਼ਮੀਰ ‘ਚ ਸਥਿਤ ਨੀਲਮ ਘਾਟੀ ਵਿੱਚ ਵੀ ਜਦੋਂ ਪਾਕਿ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਤਾਂ ਸੁਰੱਖਿਆ ਬਲਾਂ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ। ਭਾਰਤੀ ਜਵਾਨਾਂ ਨੇ ਛਿਲਾਣਾ, ਕੇਲ, ਅਥਮੁਕਾਮ ਤੇ ਸ਼ਾਰਦਾ ਇਲਾਕੇ ‘ਚ ਗੋਲੀਬਾਰੀ ਕਰਦੇ ਹੋਏ ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉੱਥੇ ਹੀ ਅਖਨੂਰ ਦੇ ਪਲਾਂਵਾਲਾ ਸੈਕਟਰ ‘ਚ ਦੇਰ ਰਾਤ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗੋਲੀਬਾਰੀ ਦਾ ਜਦੋਂ ਭਾਰਤੀ ਜਵਾਨਾਂ ਨੇ ਜਵਾਬ ਦਿੱਤਾ ਤਾਂ ਇਸ ਦੌਰਾਨ ਪਾਕਿ ਫ਼ੌਜ ਦੇ 2 ਜਵਾਨ ਮਾਰੇ ਗਏ। ਰੱਖਿਆ ਮੰਤਰਾਲੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਸਰਹੱਦ ‘ਤੇ ਤਣਾਅਪੂਰਨ ਸਥਿਤੀ ਕਾਰਨ, ਉਨ੍ਹਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਹਾਲ ਹੀ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਸੀ.) ਨੂੰ ਲਿਖਿਆ ਸੀ ਕਿ ਭਾਰਤ ਨੇ ਐਲ.ਓ.ਸੀ. ‘ਤੇ ਕੰਡਿਆਲੀ ਤਾਰ ਨੂੰ ਹਟਾ ਦਿੱਤਾ ਅਤੇ ਮਿਜ਼ਾਈਲ ਤਾਇਨਾਤ ਕਰ ਦਿੱਤੀ ਹੈ। ਇਸ ਤੋਂ ਭਾਰਤੀ ਫੌਜ ਦੀ ਨੀਅਤ ਠੀਕ ਨਹੀਂ ਲੱਗ ਰਹੀ। ਇਸ ‘ਤੇ ਆਰਮੀ ਸੂਤਰਾਂ ਨੇ ਦੱਸਿਆ ਕਿ ਐਲ.ਓ.ਸੀ. ਤੋਂ ਕੋਈ ਤਾਰ ਨਹੀਂ ਹਟਾਈ ਗਈ, ਪਰ ਐਲ.ਓ.ਸੀ. ‘ਤੇ ਗੋਲੀਬਾਰੀ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਸੁੰਦਰਬਨੀ ‘ਚ ਬੈਟ ਐਕਸ਼ਨ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨ ਸੀਜ਼ ਫਾਈਰ ਦੀ ਆੜ ‘ਚ ਘੁਸਪੈਠ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਵੀ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ‘ਚ ਕਿਸੇ ਦੇ ਨੁਕਾਸਨੇ ਜਾਣ ਦੀ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਸ਼ੁਰੂ ਹੁੰਦੇ ਹੀ ਫ਼ੌਜ ਨੇ ਰਿਹਾਇਸ਼ੀ ਇਲਾਕਿਆਂ ‘ਚ ਚਿਤਾਵਨੀ ਜਾਰੀ ਕਰ ਦਿੱਤੀ ਸੀ। ਫ਼ੌਜ ਦੀ ਸਲਾਹ ‘ਤੇ ਪਿੰਡ ਵਾਸੀ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਸਨ। ਇਸ ਤੋਂ ਇਲਾਵਾ ਪਾਕਿ ਫ਼ੌਜ ਨੇ ਘੁਸਪੈਠ ਕਰਨ ਦੇ ਇਰਾਦੇ ਨਾਲ ਅਖਨੂਰ ਦੇ ਪਲਾਂਵਾਲਾ ਇਲਾਕੇ ‘ਚ ਬੀਤੀ ਰਾਤ ਗੋਲ਼ਾਬਾਰੀ ਸ਼ੁਰੂ ਕੀਤੀ ਸੀ। ਰਾਤ ਸਾਢੇ 10 ਵਜੇ ਸ਼ੁਰੂ ਹੋਈ ਇਹ ਗੋਲ਼ਾਬਾਰੀ ਸਵੇਰੇ 3.00 ਵਜੇ ਤੱਕ ਜਾਰੀ ਰਹੀ। ਜ਼ਿਕਰਯੋਗ ਹੈ ਕਿ ਇਸ ਮਹੀਨੇ ਕਈ ਵਾਰ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ।