ਮੋਦੀ ਵੱਲੋਂ ਮੰਤਰਾਲਿਆਂ ਦੇ ਕਾਰਜਾਂ ਦੀ ਸਮੀਖ਼ਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਦੌਰਾਨ ਵੱਖ-ਵੱਖ ਮੰਤਰਾਲਿਆਂ ਵੱਲੋਂ ਕੀਤੇ ਗਏ ਕਾਰਜਾਂ ਦੀ ਸਮੀਖ਼ਿਆ ਕੀਤੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੈਠਕ ਸ਼ਾਮ ਤੱਕ ਚੱਲੀ। ਇਸ ਮੌਕੇ ਮੰਤਰਾਲਿਆਂ ਨੇ ਆਪਣੇ ਕਾਰਜਾਂ ਬਾਰੇ ਸੰਖੇਪ ’ਚ ਦੱਸਿਆ। ਇਸ ’ਚ ਜ਼ਿਆਦਾ ਜ਼ੋਰ ਖੇਤੀਬਾੜੀ, ਪੇਂਡੂ ਵਿਕਾਸ ਤੇ ਸਮਾਜਿਕ ਖੇਤਰ ਉੱਤੇ ਦਿੱਤਾ ਗਿਆ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦ ਨਾਗਰਿਕਤਾ ਸੋਧ ਕਾਨੂੰਨ ਤੇ ਤਜਵੀਜ਼ਸ਼ੁਦਾ ਐੱਨਆਰਸੀ ਬਾਰੇ ਦੇਸ਼ ਦੇ ਕਈ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਾਲਾਂਕਿ ਇਹ ਪਤਾ ਨਹੀਂ ਲੱਗ ਰਿਹਾ ਕਿ ਬੈਠਕ ਵਿਚ ਇਹ ਮੁੱਦਾ ਚੁੱਕਿਆ ਗਿਆ ਹੈ ਜਾਂ ਨਹੀਂ। ਸੂਤਰਾਂ ਨੇ ਦੱਸਿਆ ਕਿ ਆਮ ਤੌਰ ’ਤੇ ਮੰਤਰੀ ਪਰਿਸ਼ਦ ਦੀ ਬੈਠਕ ਹਰੇਕ ਮਹੀਨੇ ਕੈਬਨਿਟ ਬੈਠਕ ਤੋਂ ਬਾਅਦ ਹੁੰਦੀ ਹੈ ਪਰ ਇਸ ਵਾਰ ਇਹ ਬੈਠਕ ਵੱਖ ਤੋਂ ਹੋ ਰਹੀ ਹੈ। ਕੈਬਨਿਟ ਬੈਠਕ ਹੁਣ 24 ਨੂੰ ਹੋਵੇਗੀ। ਪਿਛਲੇ ਕੁਝ ਹਫ਼ਤਿਆਂ ਵਿਚ ਪ੍ਰਧਾਨ ਮੰਤਰੀ ਨੇ ਕੈਬਨਿਟ ਬੈਠਕ ਦੌਰਾਨ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਬਾਰੇ ਵੱਖ-ਵੱਖ ਮੰਤਰਾਲਿਆਂ ਵੱਲੋਂ ਕੀਤੇ ਵਿਕਾਸ ਦੀ ਸਮੀਖ਼ਿਆ ਕੀਤੀ ਹੈ।






