April 24, 2026
#ਖੇਡਾਂ

ਭਾਰਤ ਤੇ ਵਿੰਡੀਜ਼ ਵਿਚਾਲੇ ਇੱਕ ਰੋਜ਼ਾ ਲੜੀ ਦਾ ਫ਼ੈਸਲਾਕੁਨ ਮੈਚ ਅੱਜ

ਹੌਸਲੇ ਨਾਲ ਭਰਪੂਰ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਉਤਰੇਗੀ, ਜਿਸ ਦਾ ਇਰਾਦਾ ਵੈਸਟ ਇੰਡੀਜ਼ ਖ਼ਿਲਾਫ਼ ਲਗਾਤਾਰ ਦਸਵੀਂ ਦੁਵੱਲੀ ਲੜੀ ਜਿੱਤਣ ਦਾ ਹੋਵੇਗਾ। ਦੂਜੇ ਪਾਸੇ ਮਹਿਮਾਨ ਟੀਮ 13 ਸਾਲ ਮਗਰੋਂ ਭਾਰਤ ’ਚ ਕੋਈ ਦੁਵੱਲੀ ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ।ਵੈਸਟ ਇੰਡੀਜ਼ ਨੇ ਚੇਨੱਈ ਦੇ ਪਹਿਲੇ ਇੱਕ ਰੋਜ਼ਾ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ, ਜਦੋਂਕਿ ਭਾਰਤ ਨੇ ਵਿਸ਼ਾਖਾਪਟਨਮ ਵਿੱਚ ਦੂਜਾ ਮੈਚ ਜਿੱਤ ਕੇ ਵਾਪਸੀ ਕੀਤੀ ਹੈ। ਇਸ ਮੈਚ ’ਚ ਕਪਤਾਨ ਵਿਰਾਟ ਕੋਹਲੀ ਖਾਤਾ ਵੀ ਨਹੀਂ ਖੋਲ੍ਹ ਸਕਿਆ, ਪਰ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਹੈਟ੍ਰਿਕ ਮਾਰੀ। ਭਾਰਤ ਨੇ ਦੂਜਾ ਮੈਚ 107 ਦੌੜਾਂ ਨਾਲ ਜਿੱਤਿਆ। ਰੋਹਿਤ ਨੇ ਦੂਜੇ ਮੈਚ ਵਿੱਚ 159 ਦੌੜਾਂ ਬਣਾਈਆਂ, ਜੋ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਨਤ ਜੈਸੂਰੀਆ ਦੇ ਰਿਕਾਰਡ ਤੋਂ ਨੌਂ ਦੌੜਾਂ ਪਿੱਛੇ ਹੈ। ਕੇਐਲ ਰਾਹੁਲ ਨੇ ਵੀ ਪਹਿਲੀ ਵਿਕਟ ਲਈ 220 ਦੌੜਾਂ ਦੀ ਭਾਈਵਾਲੀ ਵਿੱਚ ਸੈਂਕੜਾ ਮਾਰਿਆ। ਰਾਹੁਲ ਨੇ ਵੈਸਟ ਇੰਡੀਜ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੀ ਥਾਂ ਪੱਕੀ ਕਰ ਲਈ ਹੈ। ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਨੇ ਵੀ ਦੌੜਾਂ ਬਣਾਈਆਂ। ਜ਼ਖ਼ਮੀ ਦੀਪਕ ਚਾਹਰ ਦੀ ਥਾਂ ਗੇਂਦਬਾਜ਼ੀ ਵਿੱਚ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਫੀਲਡਿੰਗ ਵਿੱਚ ਭਾਰਤ ਦਾ ਪ੍ਰਦਰਸ਼ਨ ਉਮੀਦ ਅਨੁਸਾਰ ਨਹੀਂ ਰਿਹਾ। ਅਈਅਰ ਨੇ ਜ਼ਰੂਰ ਸ਼ਿਮਰੌਨ ਹੈੱਟਮਾਇਰ ਨੂੰ ਸ਼ਾਨਦਾਰ ਥਰੋਅ ’ਤੇ ਰਨ ਆਊਟ ਕੀਤਾ, ਪਰ ਚਾਹਰ ਨੇ ਨਿਕੋਲਸ ਪੂਰਨ ਅਤੇ ਸ਼ਾਈ ਹੋਪ ਦੇ ਕੈਚ ਛੱਡੇ।ਕੋਹਲੀ ਨੇ ਮੈਚ ਮਗਰੋਂ ਕਿਹਾ ਸੀ, “ਸਾਨੂੰ ਫੀਲਡਿੰਗ ਬਿਹਤਰ ਕਰਨੀ ਹੋਵੇਗੀ ਅਤੇ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਹੋਵੇਗਾ।” ਬਾਰਾਬਤੀ ਸਟੇਡੀਅਮ ਦੀ ਪਿੱਚ ਵੀ ਵਿਸ਼ਾਖਾਪਟਨਮ ਵਾਂਗ ਬੱਲੇਬਾਜ਼ਾਂ ਦੀ ਮਦਦਗਾਰ ਹੋਵੇਗੀ। ਹੈੱਟਮਾਇਰ ਅਤੇ ਹੋਪ ਨੇ ਚੇਨੱਈ ਵਿੱਚ ਭਾਰਤੀ ਗੇਂਦਬਾਜ਼ਾਂ ਨੂੰ ਦਬਾਅ ਵਿੱਚ ਰੱਖਿਆ ਸੀ।