April 21, 2026
#ਖੇਡਾਂ

ਬੁਮਰਾਹ ਤੇ ਧਵਨ ਦੀ ਭਾਰਤੀ ਟੀਮ ’ਚ ਵਾਪਸੀ

ਫਿੱਟ ਹੋ ਚੁੱਕੇ ਤੇਜ਼ ਗੇਂਦਬਾਜ਼ ਬੁਮਰਾਹ ਨੇ ਅਗਲੇ ਸਾਲ ਸ੍ਰੀਲੰਕਾ ਖ਼ਿਲਾਫ਼ ਘਰੇਲੂ ਧਰਤੀ ’ਤੇ ਹੋਣ ਵਾਲੀ ਟੀ-20 ਲੜੀ ਅਤੇ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਲੜੀ ਲਈ ਅੱਜ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ, ਜਦਕਿ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਟੀ-20 ਲੜੀ ਲਈ ਆਰਾਮ ਦਿੱਤਾ ਗਿਆ। ਬੁਮਰਾਹ ਸਟ੍ਰੈੱਸ ਫਰੈਕਚਰ ਕਾਰਨ ਟੀਮ ’ਚੋਂ ਬਾਹਰ ਸੀ, ਪਰ ਉਸ ਨੂੰ ਸੂਰਤ ਵਿੱਚ ਗੁਜਰਾਤ ਦੇ ਅਗਲੇ ਰਣਜੀ ਟਰਾਫ਼ੀ ਮੈਚ ਵਿੱਚ ਖੇਡਣ ਲਈ ਭਾਰਤੀ ਟੀਮ ਦੇ ਫਿਜ਼ਿਓ ਨਿਤਿਨ ਪਟੇਲ ਦੀ ਮਨਜ਼ੂਰੀ ਮਿਲ ਗਈ ਹੈ। ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਵੀ ਭਾਰਤ ਦੀ ਟੀ-20 ਅਤੇ ਇੱਕ ਰੋਜ਼ਾ ਟੀਮ ਵਿੱਚ ਵਾਪਸੀ ਹੋਈ ਹੈ, ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀ-20 ਲੜੀ ਤੋਂ ਆਰਾਮ ਦਿੱਤਾ ਗਿਆ ਹੈ। ਇੱਥੇ ਟੀਮ ਦੀ ਚੋਣ ਮਗਰੋਂ ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਰਸਮੀ ਤੌਰ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਜਸਪ੍ਰੀਤ ਬੁਮਰਾਹ ਦੀ ਸ੍ਰੀਲੰਕਾ ਅਤੇ ਆਸਟਰੇਲੀਆ ਖ਼ਿਲਾਫ਼ ਲੜੀਆਂ ਲਈ ਦੋਵਾਂ ਟੀਮਾਂ ਵਿੱਚ ਵਾਪਸੀ ਹੋਈ ਹੈ। ਅਸੀਂ ਰੋਹਿਤ ਸ਼ਰਮਾ ਅਤੇ ਮੁਹੰਮਦ ਸ਼ਮੀ ਨੂੰ ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ਲਈ ਆਰਾਮ ਦਿੱਤਾ ਹੈ। ਸ਼ਿਖਰ ਧਵਨ ਦੀ ਵੀ ਵਾਪਸੀ ਹੋਈ ਹੈ ਅਤੇ ਸੰਜੂ ਸੈਮਸਨ ਟੀ-20 ਵਿੱਚ ਬੈਕਅੱਪ ਸਲਾਮੀ ਬੱਲੇਬਾਜ਼ ਹੋਵੇਗਾ।’’ਭਾਰਤੀ ਟੀਮ ਸ੍ਰੀਲੰਕਾ ਖ਼ਿਲਾਫ਼ ਪੰਜ ਜਨਵਰੀ ਤੋਂ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਖੇਡੇਗੀ, ਜਦਕਿ ਆਸਟਰੇਲੀਆ ਖ਼ਿਲਾਫ਼ 14 ਜਨਵਰੀ ਤੋਂ ਤਿੰਨ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਲੜੀ ਖੇਡੀ ਜਾਵੇਗੀ। ਤੇਜ਼ ਗੇਂਦਬਾਜ਼ ਦੀਪਕ ਚਾਹਰ ਸੱਟ ਕਾਰਨ ਅਗਲੇ ਸਾਲ ਹੋਣ ਵਾਲੇ ਆਈਪੀਐੱਲ ਤੱਕ ਬਾਹਰ ਹੋ ਗਿਆ ਹੈ। ਉਸ ਦੀ ਥਾਂ ਨਵਦੀਪ ਸੈਣੀ ਭਾਰਤੀ ਟੀਮ ਵਿੱਚ ਰਹੇਗਾ।ਪ੍ਰਸਾਦ ਨੇ ਕਿਹਾ, ‘‘ਆਸਟਰੇਲੀਆ ਖ਼ਿਲਾਫ਼ ਤਿੰਨ ਸਲਾਮੀ ਬੱਲੇਬਾਜ਼ (ਸ਼ਿਖਰ, ਰੋਹਿਤ ਅਤੇ ਲੋਕੇਸ਼ ਰਾਹੁਲ) ਉਪਲੱਬਧ ਰਹਿਣਗੇ।’’ ਰੋਹਿਤ ਨੇ ਇਸ ਸਾਲ ਸਾਰੀਆਂ ਵੰਨਗੀਆਂ ਵਿੱਚ 47 ਮੈਚ ਖੇਡੇ ਜੋ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਤਿੰਨ ਵੱਧ ਹਨ ਅਤੇ ਉਸ ਨੂੰ ਆਰਾਮ ਦੇਣ ਦੀ ਪੂਰੀ ਉਮੀਦ ਸੀ।