ਨੇਪਾਲ ਸਰਕਾਰ ਵਲੋਂ ਗ੍ਰਿਫਤਾਰ ਕੀਤੇ 122 ਚੀਨੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ
ਕਾਠਮੰਡੂ – ਨੇਪਾਲ ਸਰਕਾਰ ਸਾਈਬਰ ਅਤੇ ਵਿੱਤੀ ਅਪਰਾਧ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤੇ ਗਏ 122 ਚੀਨੀ ਨਾਗਰਿਕਾਂ ਨੂੰ ਡਿਪੋਰਟ ਮਤਲਬ ਦੇਸ਼ ਨਿਕਾਲਾ ਦੇਣ ਦੀ ਤਿਆਰੀ ਕਰ ਰਹੀ ਹੈ| ਅਸਲ ਵਿਚ ਅਧਿਕਾਰੀ ਉਹਨਾਂ ਨੂੰ ਦੋਸ਼ੀ ਠਹਿਰਾਉਣ ਅਤੇ ਕੈਦ ਵਿਚ ਰੱਖਣ ਲਈ ਲੋੜੀਂਦੇ ਸਬੂਤ ਇਕੱਠੇ ਨਹੀਂ ਕਰ ਸਕੇ| ਦੀ ਹਿਮਾਲੀਅਨ ਟਾਈਮਜ਼ ਨੇ ਇਕ ਰਿਪੋਰਟ ਵਿਚ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਫਤਰ ਨੇ ਹਰੇਕ ਚੀਨੀ ਨੂੰ ਅਸ਼ਲੀਲ ਵਿਵਹਾਰ ਲਈ 1000 ਨੇਪਾਲੀ ਰੁਪਏ ਜ਼ੁਰਮਾਨਾ ਲਗਾਇਆ ਅਤੇ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ| ਇਮੀਗ੍ਰੇਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਵੋਰ ਰਾਜ ਪੌਡੇਲ ਨੇ ਕਿਹਾ ਕਿ 122 ਵਿਅਕਤੀਆਂ ਨੂੰ ਦੋ ਦਿਨਾਂ ਦੇ ਅੰਦਰ ਚੀਨ ਭੇਜ ਦਿੱਤਾ ਜਾਵੇਗਾ| ਉਹਨਾਂ ਨੇ ਕਿਹਾ,”ਕਿਉਂਕਿ ਪੁਲੀਸ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਚੀਨੀ ਨਾਗਰਿਕ ਨੇਪਾਲ ਨਾਲ ਸਬੰਧਤ ਅਪਰਾਧ ਵਿਚ ਸ਼ਾਮਲ ਨਹੀਂ ਸਨ ਇਸ ਲਈ ਉਹਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਦੇਸ਼ ਤੋਂ ਬਾਹਰ ਭੇਜਣਾ ਪਵੇਗਾ|” ਉਹਨਾਂ ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਚਾਰਟਰਡ ਜਹਾਜ਼ ਰਾਹੀਂ ਭੇਜਿਆ ਜਾਵੇਗਾ|ਜਿਕਰਯੋਗ ਹੈ ਕਿ ਚੀਨੀ ਨਾਗਰਿਕਾਂ ਨੂੰ 23 ਦਸੰਬਰ, 2019 ਨੂੰ ਅਮੀਰ, ਸਿੰਗਲ ਅਤੇ ਤਲਾਕਸ਼ੁਦਾ ਚੀਨੀ ਔਰਤਾਂ ਤੋਂ ਪੈਸੇ ਲੈਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ, ਗੈਰ ਕਾਨੂੰਨੀ ਆਨਲਾਈਨ ਜੂਏਬਾਜ਼ੀ ਰੈਕੇਟ ਚਲਾਉਣ, ਪੋਂਜੀ ਸਕੀਮ ਚਲਾਉਣ ਅਤੇ ਫੋਨ ਤੋਂ ਆਪਣੀ ਨਿੱਜੀ ਜਾਣਕਾਰੀ ਹੈਕ ਕਰ ਕੇ ਚੀਨੀ ਲੋਕਾਂ ਨੂੰ ਬਲੈਕਮੇਲ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ| ਉਹਨਾਂ ਤੇ ਅਸ਼ਲੀਲ ਵਿਵਹਾਰ ਕਰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ| ਇਹਨਾਂ ਵਿਚੋਂ ਕੁਝ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਸੀ ਜਦਕਿ ਦੂਜੇ ਉਹਨਾਂ ਦੇ ਪਾਸਪੋਰਟ ਤੇ ਕਬਜ਼ੇ ਵਿਚ ਨਹੀਂ ਸਨ| ਏਜੰਸੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 122 ਚੀਨੀ ਲੋਕਾਂ ਵਿਚੋਂ 67 ਦੇ ਪਾਸਪੋਰਟ ਪੁਲੀਸ ਨੇ ਜ਼ਬਤ ਕਰ ਲਏ ਹਨ ਕਿਉਂਕਿ ਉਹਨਾਂ ਨੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕੀਤੀ ਸੀ| ਇਸ ਲਈ ਪੁਲੀਸ ਨੇ ਅਗਲੀ ਜਾਂਚ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਚਿੱਠੀ ਲਿਖੀ ਹੈ|






