May 4, 2026

ਸਿਹਤ ਮੰਤਰੀ ਸਿੱਧੂ ਵੱਲੋਂ ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ ਦਾ ਅਚਾਨਕ ਦੌਰਾ

ਸ਼ੇਰਪੁਰ – ਪਿਛਲੇ ਸਮੇਂ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਪੁਰ ਕਰਵਾਉਣ ਲਈ ਲੋਕਾਂ ਵੱਲੋ ਵਿੱਢੇ ਸੰਘਰਸ਼ ਕਾਰਨ ਅਖਬਾਰਾਂ ਦੀਆਂ ਸੁਰਖੀਆਂ ‘ ਚ ਲਗਾਤਾਰ ਛਾਏ ਰਹੇ ਕਸਬਾ ਸ਼ੇਰਪੁਰ ਦੇ ਕਮਿਊਨਟੀ ਹੈਲਥ ਸੈਂਟਰ ‘ਚ ਅੱਜ ਬਾਅਦ ਦੁਪਹਿਰ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਅਚਾਨਕ ਦੌਰਾ ਕੀਤਾ ਜਿਸ ਦੌਰਾਨ ਪੱਤਰਕਾਰਾਂ ਵੱਲੋਂ ਸਟਾਫ਼ ਦੀ ਘਾਟ ਸਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਕਮਿਊਨਟੀ ਹੈਲਥ ਸੈਂਟਰ ਵਿਖੇ ਸਟਾਫ਼ ਦੀ ਘਾਟ ਕਾਰਨ ਆ ਰਹੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿੱਚ ਹਨ ਸਿੱਧੂ ਨੇ ਦੱਸਿਆਂ ਕਿ ਬੇਸ਼ੱਕ ਮਾਲਵਾ ਖੇਤਰ ਵਿੱਚ ਡਾਕਟਰਾਂ ਦੀ ਘਾਟ ਵੱਡੀ ਪੱਧਰ ‘ਤੇ ਆ ਰਹੀ ਹੈ, ਪਰ ਸਰਕਾਰ ਵੱਲੋਂ ਲਗਾਤਾਰ ਡਾਕਟਰਾਂ ਦੀ ਭਰਤੀ ਕਰਕੇ ਇਸ ਸਮੱਸਿਆਂ ਦਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸ਼ੇਰਪੁਰ ਵਿਖੇ ਗਾਇਨੀ ਦੇ ਡਾਕਟਰ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਘਾਟ ਨੂੰ ਦੂਰ ਕਰਨ ਲਈ ਲੇਡੀਜ ਡਾਕਟਰ ਦਾ ਪ੍ਰਬੰਧ ਕਰਨ ਤੋਂ ਇਲਾਵਾ ਦੰਦਾਂ ਦੇ ਡਾਕਟਰ ਸਮੇਤ ਲੋੜਵੰਦ ਸਟਾਫ ਦੀ ਕਮੀ ਨੂੰ ਜਲਦੀ ਦੂਰ ਕੀਤਾ ਜਾਵੇਗਾ।ਮੌਜੂਦਾ ਫਾਰਮਾਸਿਸਟ ਦੀਆਂ ਡਿਊਟੀਆਂ ਬਾਹਰ ਲਗਾਏ ਜਾਣ ਬਾਰੇ ਉਨਾਂ ਕਿਹਾ ਕਿ ਜੇਲਾਂ ਵਿੱਚ ਆਰਜੀ ਡਿਊਟੀ ‘ਤੇ ਜਾਂਦੇ ਫਾਰਮਾਸਿਸਟ ਦੀਆਂ ਡਿਊਟੀਆਂ ਅੱਜ ਤੋਂ ਹੀ ਕੱਟ ਦਿੱਤੀਆਂ ਜਾਣਗੀਆਂ ਕਿਉਂਕਿ ਜੇਲ੍ਹਾਂ ਅੰਦਰ ਸਟਾਫ ਦੀ ਕੋਈ ਘਾਟ ਨਹੀਂ। ਸ੍ਰ. ਸਿੱਧੂ ਨੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਸ਼ੇਰਪੁਰ ਵਿਖੇ ਓਂ.ਪੀ.ਡੀ ਦੀ ਗਿਣਤੀ ਵਧਾਉਣ ਲਈ ਪਿੰਡਾਂ ਅੰਦਰ ਜਾਗਰੂਕਤਾਂ ਮੁਹਿੰਮ ਦੀ ਸ਼ੁਰੂਆਤ ਕਰਨ ਤਾਂ ਜੋ ਹਰ ਲੋੜਵੰਦ ਨੂੰ ਸਰਕਾਰ ਦੀਆਂ ਮੁਫਤ ਸਹੂਲਤਾਂ ਦਾ ਲਾਭ ਮਿਲ ਸਕੇ।ਕੈਪਟਨ ਸਰਕਾਰ ਵੱਲੋਂ ਸ਼ੁਰੂ ਕੀਤੀ ਸਰਬੱਤ ਬੀਮਾ ਯੋਜਨਾ ਬਾਰੇ ਸ੍ਰ. ਸਿੱਧੂ ਨੇ ਕਿਹਾ , ਕਿ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਸਰਬੱਤ ਬੀਮਾ ਯੋਜਨਾ ਦਾ ਹੁਣ ਤੱਕ 1 ਲੱਖ 5 ਹਜ਼ਾਰ ਲੋਕਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ ਅਤੇ ਇਸ ਸਕੀਮ ਰਾਹੀ 114 ਕਰੋੜ ਰੁਪਏ ਦੇ ਕਰੀਬ ਲੋਕਾਂ ਦੇ ਪੈਸਿਆਂ ਦੀ ਬੱਚਤ ਹੋਈ। ਇਸ ਦਾ ਲਾਭ 200 ਤੋਂ ਵੱਧ ਸਰਕਾਰੀ ਅਤੇ 457 ਪ੍ਰਾਈਵੇਟ ਹਸਪਤਾਲਾ ਵਿੱਚ ਮਿਲ ਰਿਹਾ ਹੈ ਅਤੇ ਇਸ ਸਕੀਮ ਵਿੱਚ ਪੰਜਾਬ ਦੇ 100 ਪ੍ਰਤੀਸ਼ਤ ਲੋਕਾਂ ਨੂੰ ਸ਼ਾਮਲ ਕਰਨ ਦਾ ਟੀਚਾ ਜਲਦ ਪੂਰਾ ਕਰ ਲਿਆ ਜਾਵੇਗਾ। ਸਿੱਧੂ ਨੇ ਜੇ.ਐਨ.ਯੂ ਦਿੱਲੀ ਵਿਖੇ ਵਾਪਰੀ ਘਟਨਾ ਨੂੰ ਅਤੀ ਮੰਦਭਾਗੀ ਕਰਾਰ ਦਿੰਦਿਆ ਕਿਹਾ ਕਿ ਇਹ ਘਟਨਾ ਕੇਂਦਰ ਸਰਕਾਰ ਦੇ ਮੱਥੇ ‘ਤੇ ਕਲੰਕ ਹੈ। ਇਹ ਭਾਜਪਾ ਸਰਕਾਰ ਦੀ ਗੁੰਡਾਗਰਦੀ ਦੇ ਨੰਗੇ ਨਾਚ ਦਾ ਸਾਬੂਤ ਹੈ।