ਰਾਣੀ ‘ਵਰਲਡ ਗੇਮਜ਼ ਅਥਲੀਟ ਆਫ ਦਿ ਈਅਰ’ ਲਈ ਨਾਮਜ਼ਦ
ਨਵੀਂ ਦਿੱਲੀ – ਹਾਕੀ ਦੀ ਕੌਮਾਂਤਰੀ ਸੰਸਥਾ ਐੱਫਆਈਐੱਚ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ‘ਵਿਸ਼ਵ ਗੇਮਜ਼ ਅਥਲੀਟ ਆਫ ਦਿ ਈਅਰ’ ਲਈ ਨਾਮਜ਼ਦ ਕੀਤਾ ਹੈ। ਹਾਕੀ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਕੌਮਾਂਤਰੀ ਫੈਡਰੇਸ਼ਨਾਂ ਵੱਲੋਂ ਇਸ ਪੁਰਸਕਾਰ ਲਈ 25 ਖਿਡਾਰੀਆਂ ਨੂੰ ਨਾਮਜ਼ਦ ਕੀਤੀ ਗਿਆ ਹੈ ਅਤੇ ਐੱਫਆਈਐੱਚ ਨੇ ਰਾਣੀ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਉਸ ਦੀ ਅਗਵਾਈ ਕਰਨ ਦੀ ਕਾਬਲੀਅਤ ਨੂੰ ਵੇਖ ਕੇ ਉਸ ਦਾ ਨਾਮ ਇਸ ਪੁਰਸਕਾਰ ਲਈ ਸ਼ਾਮਲ ਕੀਤਾ।ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ, ‘‘ਹਾਕੀ ਇੰਡੀਆ ਰਾਣੀ ਦੇ ‘ਵਰਲਡ ਗੇਮਜ਼ ਅਥਲੀਟ ਆਫ ਦਿ ਈਅਰ-2019’ ਲਈ ਨਾਮਜ਼ਦ ਕੀਤੇ ਜਾਣ ਦੀ ਖ਼ਬਰ ਤੋਂ ਬਹੁਤ ਖ਼ੁਸ਼ ਹੈ। ਉਹ ਦੇਸ਼ ਵਿੱਚ ਕਈਆਂ ਲਈ ਪ੍ਰੇਰਨਾ ਸਰੋਤ ਹੈ।’’ ਜੇਤੂ ਦਾ ਫ਼ੈਸਲਾ ਆਨਲਾਈਨ ਵੋਟਿੰਗ ਰਾਹੀਂ ਕੀਤਾ ਜਾਵੇਗਾ, ਜੋ 30 ਜਨਵਰੀ ਨੂੰ ਖ਼ਤਮ ਹੋਵੇਗੀ। ਰਾਣੀ ਨੇ ਭਾਰਤ ਦੇ ਪਹਿਲੀ ਵਾਰ ਲਗਾਤਾਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਿੱਚ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ।ਵਰਲਡ ਗੇਮਜ਼ ਅਥਲੀਟ ਦਾ ਇਹ ਛੇਵਾਂ ਸੈਸ਼ਨ ਹੋਵੇਗਾ, ਜੋ ਕਿਸੇ ਖਿਡਾਰੀ ਜਾਂ ਟੀਮ ਨੂੰ ਉਸ ਦੇ ਬਾਕਮਾਲ ਪ੍ਰਦਰਸ਼ਨ ਜਾਂ ਸਮਾਜਿਕ ਪ੍ਰਤੀਬੱਧਤਾ ਜਾਂ ਖ਼ਾਸ ਤਰ੍ਹਾਂ ਦੇ ਵਿਹਾਰ ਕਾਰਨ ਮਾਨਤਾ ਜਾਂ ਸਨਮਾਨ ਦਿੰਦਾ ਹੈ।






