May 24, 2026
#ਪੰਜਾਬ

ਸ਼੍ਰੀ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਭਵਾਨੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ

ਭਵਾਨੀਗੜ੍ਹ – ਅੱਜ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਂਵੀ ਵਿਖੇ ਸਾਬਕਾ ਸੰਸਦੀ ਸਕੱਤਰ ਸ੍ਰੀ ਪ੍ਰਕਾਸ ਚੰਦ ਗਰਗ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਰਕਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਿਲ੍ਹਾ ਸੰਗਰੂਰ ਦੇ ਅਬਜਰਵਰ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਢੀਂਡਸਾ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਢੀਂਡਸਾ ਪਿਓ ਪੁੱਤਰਾਂ ਦੀ ਜੋੜੀ ਨੇ ਪਿਛਲੇ ਕਈ ਦਹਾਕਿਆਂ ਤੋਂ ਪਾਰਟੀ ਅਤੇ ਪਾਰਟੀ ਦੀਆਂ ਸਰਕਾਰਾਂ ਸਮੇਂ ਹਰ ਰੁਤਬਾ ਹਾਸਲ ਕਰਕੇ ਸੋਹਰਤ ਹਾਸਲ ਕੀਤੀ, ਪਰ ਹੁਣ ਜਦੋਂ ਕੈਪਟਨ ਸਰਕਾਰ ਦੀਆਂ ਜਿਆਦਤੀਆਂ ਖਿਲਾਫ ਅਵਾਜ ਬੁਲੰਦ ਕਰਨ ਲਈ ਪਾਰਟੀ ਨੂੰ ਮਜਬੂਤ ਕਰਨ ਦੀ ਜਰੂਰਤ ਸੀ ਤਾਂ ਦੋਵੇਂ ਜਣੇ ਬੇਬੁਨਿਆਦ ਦੂਸ਼ਣਬਾਜੀ ਕਰਕੇ ਕਿਨਾਰਾ ਕਰ ਗਏ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਲਈ ਲੰਬਾ ਸਮਾਂ ਕੰਮ ਕੀਤਾ ਹੈ ਅਤੇ ਜੇਲ੍ਹਾਂ ਵੀ ਕੱਟੀਆਂ ਹਨ ਤਾਂ ਪਾਰਟੀ ਨੇ ਢੀਂਡਸਾ ਪਰਿਵਾਰ ਤੋਂ ਕੁੱਝ ਲਕੋਇਆ ਵੀ ਨਹੀਂ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿੱਚ ਵਜੀਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪਾਠ ਦੇ ਹਿੱਤਾਂ ਲਈ ਲੜਨ ਵਾਲੀ ਇੱਕ ਜੁਝਾਰੂ ਪਾਰਟੀ ਹੈ, ਇਸ ਵਿੱਚ ਆਗੂ ਬਦਲਦੇ ਰਹਿੰਦੇ ਹਨ ਪਰ ਪਾਰਟੀ ਨਿਰੰਤਰ ਆਪਣੀ ਚਾਲ ਤੁਰਦੀ ਜਾਂਦੀ ਹੈ। ਕੋਈ ਵੀ ਵੱਡਾ ਆਗੂ ਪਾਰਟੀ ਤੋਂ ਵੱਡਾ ਨਹੀਂ ਹੋ ਸਕਦਾ, ਇਸ ਲਈ ਪਾਰਟੀ ਤੋਂ ਕਿਨਾਰਾ ਕਰਨ ਵਾਲਾ ਪਾਰਟੀ ਦਾ ਨਹੀਂ ਸਗੋਂ ਆਪਣਾ ਹੀ ਨੁਕਸਾਨ ਕਰ ਲੈਂਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨਾ ਸਿਰਫ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਗਈ ਹੈ, ਸਗੋਂ ਇਸ ਸਰਕਾਰ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵੀ ਖੋਹ ਲਈਆਂ ਹਨ। ਪਾਰਟੀ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਪਾਰਟੀ ਦੀ ਤਾਕਤ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਕੇ ਬੜਾ ਲੰਬਾ ਸਮਾਂ ਜਿਲੇ ਅੰਦਰ ਬਾਦਸ਼ਾਹਤ ਕੀਤੀ ਹੈ। ਇਲਾਕੇ ਦੇ ਪੀੜਤ ਆਗੂ ਤੇ ਲੋਕ ਸਭ ਕੁੱਝ ਸਮਝਦੇ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ 2 ਫਰਵਰੀ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਪਾਰਟੀ ਨੂੰ ਜਿਲ੍ਹੇ ਅੰਦਰ ਹੋਰ ਮਜਬੂਤ ਕਰੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵਰਕਰਾਂ ਨੂੰ ਪਾਰਟੀ ਤੇ ਪੰਥ ਦੀ ਮਜਬੂਤੀ ਲਈ ਇੱਕਜੁੱਟ ਹੋਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਮੀਟਿੰਗ ਦੇ ਇੰਚਾਰਜ ਪ੍ਰਕਾਸ਼ ਚੰਦ ਗਰਗ ਨੇ 2 ਫਰਵਰੀ ਦੀ ਸੰਗਰੂਰ ਰੈਲੀ ਬਾਰੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ਵਿੰਨਰਜੀਤ ਸਿੰਘ ਗੋਲਡੀ, ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਪਰਮਜੀਤ ਕੌਰ ਵਿਰਕ, ਸਰਕਲ ਜਥੇਦਾਰ ਹਰਦੇਵ ਸਿੰਘ ਕਾਲਾਝਾੜ, ਰੁਪਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਜੌਲੀਆਂ, ਪ੍ਰੇਮ ਚੰਦ ਗਰਗ, ਹਰਵਿੰਦਰ ਸਿੰਘ ਗੋਲਡੀ, ਰਵਜਿੰਦਰ ਸਿੰਘ ਕਾਕੜਾ, ਬੂਟਾ ਸਿੰਘ ਬਾਲਦ, ਪ੍ਰਤਾਪ ਸਿੰਘ ਢਿੱਲੋਂ ,ਨਿਰਮਲ ਸਿੰਘ ਭੜੋ, ਨਾਹਰ ਸਿੰਘ ਕੌਂਸਲਰ, ਵੀਰ ਚੱਕਰ ਪੰਨਵਾਂ, ਨਛੱਤਰ ਸਿੰਘ, ਸੁਖਦੇਵ ਸਿੰਘ, ਮੋਹਨ ਸਿੰਘ ਨਦਾਮਪੁਰ, ਸਤਿਗੁਰ ਸਿੰਘ ਮਾਝੀ ਵੀ ਹਾਜਰ ਸਨ।