May 4, 2026

ਕਮਾਲਪੁਰ ਵਿਖੇ ਦਿਵਿਆਂਗ ਵਿਅਕਤੀਆਂ ਨੂੰ ਬਣਾਉਟੀ ਅੰਗ ਦੇਣ ਲਈ ਰਜਿਸਟ੍ਰੇਸ਼ਨ ਕੈਂਪ ਲਗਾਇਆ

ਦਿੜ੍ਹਬਾ – ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਸੰਗਰੂਰ ਵੱਲੋਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ ਦੇ ਸਹਿਯੋਗ ਨਾਲ ਸੀ.ਐਸ.ਆਰ ਪ੍ਰੋਗਰਾਮ ਅਧੀਨ ਦਿੜ੍ਹਬਾ ਨੇੜਲੇ ਪਿੰਡ ਕਮਾਲਪੁਰ ਵਿਖੇ ਦਿਵਿਆਂਗ ਵਿਅਕਤੀਆਂ ਨੂੰ ਬਣਾਉਟੀ ਅੰਗ ਮੁਹੱਈਆ ਕਰਵਾਉਣ ਲਈ ਮੁਢਲੇ ਪੜਾਅ ਵਜੋਂ ਮੈਡੀਕਲ ਅਸੈਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋ ਕੇ ਪ੍ਰਬੰਧਕਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਕੈਂਪ ਦੌਰਾਨ ਮਾਹਿਰਾਂ ਨੇ ਕੈਂਪ ਵਿੱਚ ਪੁੱਜੇ ਵੱਡੀ ਗਿਣਤੀ ਦਿਵਿਆਂਗ ਵਿਅਕਤੀਆਂ ਦਾ ਨਿਰੀਖਣ ਕੀਤਾ ਅਤੇ 86 ਲੋੜਵੰਦਾਂ ਦੀ ਰਜਿਸਟਰੇਸ਼ਨ ਕੀਤੀ ਗਈ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦਿਵਿਆਂਗ ਹਮਦਰਦੀ ਦੇ ਪਾਤਰ ਨਹੀਂ ਸਗੋਂ ਸਮਾਜ ਦਾ ਹੀ ਅਟੁੱਟ ਅੰਗ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਦਿਵਿਆਂਗ ਵਿਅਕਤੀਆਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਆਰਟੀਫਿਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਮੋਟਰਾਈਜ਼ਡ ਟਰਾਈ ਸਾਇਕਲ, ਵ੍ਹੀਲ ਚੇਅਰ, ਫੌੜੀਆਂ, ਕਲੀਪਰ, ਸੁਣਨ ਵਾਲੀਆਂ ਮਸ਼ੀਨਾਂ, ਐਮ.ਆਰ ਕਿੱਟ, ਸਮਾਰਟ ਫੋਨ, ਨਕਲੀ ਅੰਗ ਆਦਿ ਮੁਫ਼ਤ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 5 ਫਰਵਰੀ ਨੂੰ ਸੰਗਰੂਰ ਦੇ ਪਿੰਡ ਉਭਾਵਾਲ ਵਿਖੇ ਵੀ ਅਜਿਹਾ ਹੀ ਕੈਂਪ ਲੱਗੇਗਾ ਜਿਸ ਵਿੱਚ ਲੋੜਵੰਦਾਂ ਨੂੰ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦ ਬਿਨੇਕਾਰ ਕੈਂਪ ਵਿੱਚ ਆਉਣ ਸਮੇਂ ਆਪਣੇ ਨਾਲ ਆਧਾਰ ਕਾਰਡ ਜਾਂ ਵੋਟਰ ਕਾਰਡ, ਅੰਗਹੀਣਤਾ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਦੀਆਂ ਤਸਵੀਰਾਂ (ਪੂਰੇ ਸਰੀਰ ਦੀਆਂ), ਆਮਦਨ ਦਾ ਸਰਟੀਫਿਕੇਟ ਵੀ ਬਣਵਾ ਕੇ ਲਿਆਉਣ।ਕੈਂਪ ਦੌਰਾਨ ਐਸ.ਡੀ.ਐਮ ਮਨਜੀਤ ਸਿੰਘ ਚੀਮਾ, ਇੰਡੀਅਨ ਆਇਲ ਤੋਂ ਪਾਈਪਲਾਈਨ ਹੈਡ ਰਤਨ ਕੁਮਾਰ, ਅਲਿਮਕੋ ਤੋਂ ਸੋਨੂੰ ਕੁਮਾਰ, ਇੰਚਾਰਜ ਡੀ.ਡੀ.ਆਰ.ਸੀ ਪਰਵੇਸ਼ ਕੌਰ, ਮਿੰਟੂ ਬਾਂਸਲ ਆਦਿ ਵੀ ਹਾਜ਼ਰ ਸਨ।