May 5, 2026
#ਪ੍ਰਮੁੱਖ ਖ਼ਬਰਾਂ #ਭਾਰਤ

ਨਿਰਭਿਯਾ ਮਾਮਲਾ ਦਿੱਲੀ ਹਾਈਕੋਰਟ ਵੱਲੋਂ ਕੇਂਦਰ ਸਰਕਾਰ ਦੀ ਅਰਜ਼ੀ ਖ਼ਾਰਜ-ਦੋਸ਼ੀਆਂ ਨੂੰ ਇੱਕ ਹਫ਼ਤੇ ਦਾ ਸਮਾਂ

ਨਵੀਂ ਦਿੱਲੀ – ਨਿਰਭਿਯਾ ਦੇ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਦੇ ਵਿਰੁੱਧ ਕੇਂਦਰ ਸਰਕਾਰ ਦੀ ਅਰਜ਼ੀ ਨੂੰ ਅੱਜ ਦਿੱਲੀ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ। ਅਦਾਲਤ ਨੇ ਆਪਣੇ ਫ਼ੈਸਲੇ ‘ਚ ਕਿਹਾ ਕਿ ਚਾਰਾਂ ਦੋਸ਼ੀਆਂ ਨੂੰ ਵੱਖੋ-ਵੱਖ ਫਾਂਸੀ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਆਪਣੇ ਸਾਰੇ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਇੱਕ ਹਫ਼ਤੇ ਬਾਅਦ ਦੋਸ਼ੀਆਂ ਦੇ ਡੈੱਥ ਵਾਰੰਟ ‘ਤੇ ਤਾਮੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ ‘ਚ ਚਾਰਾਂ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਲਾਉਣ ਵਾਲੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬੀਤੀ 1 ਫਰਵਰੀ ਨੂੰ ਦਿੱਲੀ ਹਾਈਕੋਰਟ ‘ਚ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਜਸਟਿਸ ਸੁਰੇਸ਼ ਕੁਮਾਰ ਕੈਤ ਨੇ 1 ਅਤੇ 2 ਫਰਵਰੀ ਨੂੰ ਵਿਸ਼ੇਸ਼ ਸੁਣਵਾਈ ਤੋਂ ਬਾਅਦ 2 ਫਰਵਰੀ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।