May 5, 2026
#ਖੇਡਾਂ

ਭਾਰਤ-ਨਿਊਜ਼ੀਲੈਂਡ ਵਿਚਾਲੇ ਆਖਰੀ ਮੈਚ ਅੱਜ

ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਵਿਰੁੱਧ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ ਸਾਖ ਬਚਾਉਣ ਲਈ ਉੱਤਰੇਗੀ ਅਤੇ ਉਸਦੀ ਕੋਸ਼ਿਸ਼ ‘ਵ੍ਹਾਈਟਵਾਸ਼’ ਤੋਂ ਬਚਣ ਦੀ ਹੋਵੇਗੀ। ਮੈਚ 11 ਫਰਵਰੀ ਨੂੰ ਮਾਊਂਟ ਮੌਨਗਾਨੂਈ ’ਚ ਖੇਡਿਆ ਜਾਵੇਗਾ।ਦੂਜੇ ਪਾਸੇ ਨਿਊਜ਼ੀਲੈਂਡ ਦੀ ਨਜ਼ਰ ਆਖਰੀ ਮੈਚ ਜਿੱਤ ਕੇ ਲੜੀ ਵਿੱਚ ‘ਕਲੀਨ ਸਵੀਪ’ ਕਰਨ ’ਤੇ ਹੋਵੇਗੀ।ਕਪਤਾਨ ਕੇਨ ਵਿਲੀਅਮਸਨ ਦੇ ਸੱਟ ਕਾਰਨ ਬਾਹਰ ਹੋਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ ਪਹਿਲੇ ਦੋਵੇਂ ਇੱਕ ਦਿਨਾਂ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰ ਚੁੱਕੀ ਹੈ। ਵਿਲੀਅਮਸਨ ਜੇਕਰ ਫਿੱਟ ਹੁੰਦੇ ਹਨ ਤਾਂ ਉਹ ਆਖਰੀ ਮੈਚ ਖੇਡ ਸਕਦੇ ਹਨ। ਨਿਊਜ਼ੀਲੈਂਡ ਦੇ ਕਾਰਜਕਾਰੀ ਕੋਚ ਸ਼ੇਨ ਜਗਰੇਨਸਨ ਨੇ ਕਿਹਾ ਕਿ ਵਿਲੀਅਮਸਨ ਨੇ ਪੂਰਾ ਅਭਿਆਸ ਕੀਤਾ ਹੈ ਅਤੇ ਉਹ ਕੱਲ੍ਹ ਖੇਡੇਗਾ। ਉਹ ਪੂਰੀ ਤਰ੍ਹਾਂ ਫਿੱਟ ਹੈ।ਦੋਵਾਂ ਟੀਮਾਂ ਵਿਚਾਲੇ ਫਰਕ ਉੱਚਕ੍ਰਮ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਰਿਹਾ ਹੈ। ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਵੀ ਸੱਟ ਕਾਰਨ ਟੀਮ ’ਚੋਂ ਬਾਹਰ ਹਨ ਜਦਕਿ ਕਪਤਾਨ ਵਿਰਾਟ ਕੋਹਲੀ ਵੀ ਅਜੇ ਤੱਕ ਵੱਡੀ ਪਾਰੀ ਨਹੀਂ ਖੇਡ ਸਕੇ। ਲੈਅ ’ਚ ਚੱਲ ਰਿਹਾ ਬੱਲੇਬਾਜ਼ ਕੇ.ਐੱਲ. ਰਾਹੁਲ ਹੇਠਲੇ ਕ੍ਰਮ ’ਚ ਬੱਲੇਬਾਜ਼ੀ ਕਰ ਰਿਹਾ ਹੈ। ਉੱਚਕ੍ਰਮ ਭਾਰਤ ਦੀ ਤਾਕਤ ਰਿਹਾ ਹੈ ਜੋ ਕਿ ਅਜੇ ਤੱਕ ਲੜੀ ’ਚ ਉਮਦਾ ਪ੍ਰਦਰਸ਼ਨ ਨਹੀਂ ਕਰ ਸਕਿਆ।ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਅਤੇ ਮਯੰਕ ਅਗਰਵਾਲ ਵੱਖ-ਵੱਖ ਮੌਕਿਆਂ ’ਤੇ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਉਹ ਭਾਰਤ ਨੂੰ ਠੋਸ ਨਹੀਂ ਸ਼ੁਰੂਆਤ ਨਹੀਂ ਦਿਵਾ ਸਕੇ। ਰੋਹਿਤ ਸ਼ਰਮਾ ਘਾਟ ਭਾਰਤੀ ਟੀਮ ਨੂੰ ਪੂਰੀ ਤਰ੍ਹਾਂ ਰੜਕ ਰਹੀ ਹੈ। ਉਸਦੀ ਗ਼ੈਰ-ਮੌਜੂਦਗੀ ’ਚ ਟੀਮ ਦਾ ਪੂਰਾ ਦਾਰੋਮਦਾਰ ਕਪਤਾਨ ਵਿਰਾਟ ਕੋਹਲੀ ’ਤੇ ਟਿਕਿਆ ਹੋਇਆ ਹੈ ਜਿਸ ਨੇ ਦੋਵਾਂ ਮੈਚਾਂ ਵਿੱਚ ਸਿਰਫ 66 ਦੌੜਾਂ ਬਣਾਈਆਂ ਹਨ।ਉੱਧਰ ਨਿਊਜ਼ੀਲੈਂਡ ਦੇ ਬੱਲੇਬਾਜ਼ ਰੌਸ ਟੇਲਰ ਦੋਵਾਂ ਮੈਚਾਂ ਵਿੱਚ ਭਾਰਤੀ ਟੀਮ ’ਤੇ ਭਾਰਤੀ ਪਏ ਹਨ।ਹਾਲਾਂਕਿ ਭਾਰਤ ਨੇ ਨਿਊਜ਼ੀਲੈਂਡ ਤੋਂ ਟੀ-20 ਲੜੀ 5-0 ਨਾਲ ਜਿੱਤੀ ਸੀ ਪਰ ਇੱਕ ਰੋਜ਼ਾ ਲੜੀ ’ਚ ਹਾਲਾਤ ਬਿਲਕੁੱਲ ਉਲਟ ਹੋ ਗਏ ਹਨ। ਸਾਲ 2019 ’ਚ ਭਾਰਤ ਨੇ ਇੱਥੇ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ 4-1 ਨਾਲ ਜਿੱਤੀ ਪਰ ਟੀ-20 ਲੜੀ ਵਿੱਚ ਉਸ ਨੂੰ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।