ਕੇਜਰੀਵਾਲ ਨੇ ਪੁਰਾਣੀ ਟੀਮ ਨਾਲ ਨਵਾਂ ਕਾਰਜਕਾਲ ਕੀਤਾ ਸ਼ੁਰੂ
ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ‘ਚ ਤੀਜੀ ਵਾਰ ਮੁੱਖ ਮੰਤਰੀ ਵਜੋਂ ਹਲਫ਼ ਲਿਆ
ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਜਿੱਤ ਦੀ ਹੈਟ੍ਰਿਕ ਲਗਾਉਂਦੇ ਹੋਏ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਕੇਜਰੀਵਾਲ ਦੇ ਨਾਲ 6 ਮੰਤਰੀਆਂ ਨੇ ਵੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਇਨ੍ਹਾਂ ਵਿੱਚ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜੇਂਦਰ ਗੌਤਮ ਸ਼ਾਮਿਲ ਹਨ। ਹਾਲਾਂਕਿ ਵਿਭਾਗਾਂ ਦੀ ਵੰਡ ਕੀਤੀ ਜਾਣੀ ਅਜੇ ਬਾਕੀ ਹੈ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਆਤੀਸ਼ੀ ਅਤੇ ਰਾਘਵ ਚੱਢਾ ਨੂੰ ਵੀ ਨਵੇਂ ਮੰਤਰੀ ਮੰਡਲ ‘ਚ ਮੌਕਾ ਦਿੱਤਾ ਜਾ ਸਕਦਾ ਹੈ, ਪਰ ਅਰਵਿੰਦ ਕੇਜਰੀਵਾਲ ਨੇ ਆਪਣਾ ਤੀਜਾ ਕਾਰਜਕਾਲ ਪੁਰਾਣੀ ਟੀਮ ਨਾਲ ਸ਼ੁਰੂ ਕੀਤਾ ਹੈ। ਦਿੱਲੀ ਦੇ ਲੈਫ਼ਟੀਨੈਂਟ ਗਵਰਨਰ (ਉੱਪ–ਰਾਜਪਾਲ) ਸ਼੍ਰੀ ਅਨਿਲ ਬੈਜਲ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸਹੁੰ–ਚੁੱਕ ਸਮਾਗਮ ਤੋਂ ਪਹਿਲਾਂ ਟਵੀਟ ਕਰਦਿਆਂ ਸ਼੍ਰੀ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਕਿਹਾ ਸੀ ਕਿ-‘ਆਪਣੇ ਪੁੱਤਰ ਨੂੰ ਆਸ਼ੀਰਵਾਦ ਦੇਣ ਲਈ ਰਾਮਲੀਲ੍ਹਾ ਮੈਦਾਨ ਜ਼ਰੂਰ ਆਓ।’।ਦਿੱਲੀ ‘ਚ ਇੱਕ ਮੁੱਖ ਮੰਤਰੀ ਦੇ ਤਿੰਨ ਵਾਰ ਸਹੁੰ ਚੁੱਕਣ ਦਾ ਇਹ ਦੂਜਾ ਮੌਕਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਵਿੱਚ ਸ਼ੀਲਾ ਦੀਕਸ਼ਿਤ ਨੇ ਤਿੰਨ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਸ਼੍ਰੀ ਕੇਜਰੀਵਾਲ ਨੇ ਸਾਲ 2013 ‘ਚ ਪਹਿਲੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ, ਫਿਰ ਉਹ 14 ਫ਼ਰਵਰੀ, 2015 ਨੂੰ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। ਦਿੱਲੀ ਵਿਧਾਨ ਸਭਾ ਚੋਣਾਂ ‘ਚ ਪਿਛਲੀ ਵਾਰ ਵਾਂਗ ਇਸ ਵਾਰ ਵੀ ਸ਼੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 70 ਸੀਟਾਂ ਵਾਲੀ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 62 ਸੀਟਾਂ ਜਿੱਤੀਆਂ ਹਨ। ਸ਼੍ਰੀ ਮਨੀਸ਼ ਸਿਸੋਦੀਆ ਹੁਣ ਤੱਕ ਦਿੱਲੀ ਦੇ ਉੱਪ–ਮੁੱਖ ਮੰਤਰੀ ਰਹੇ ਹਨ ਤੇ ਉਨ੍ਹਾਂ ਨੂੰ ਸ਼੍ਰੀ ਕੇਜਰੀਵਾਲ ਦਾ ਸੱਜਾ–ਹੱਥ ਸਮਝਿਆ ਜਾਂਦਾ ਹੈ। ਪਿਛਲੀ ਸਰਕਾਰ ‘ਚ ਸਿੱਖਿਆ ਤੋਂ ਇਲਾਵਾ ਸ਼੍ਰੀ ਸਿਸੋਦੀਆ ਨੇ ਕਲਾ, ਸੱਭਿਆਚਾਰ ਤੇ ਭਾਸ਼ਾਵਾਂ ਦੇ ਨਾਲ–ਨਾਲ ਵਿੱਤ, ਯੋਜਨਾ, ਸੈਰ–ਸਪਾਟਾ, ਜ਼ਮੀਨ ਤੇ ਇਮਾਰਤਾਂ, ਚੌਕਸੀ, ਸੇਵਾ, ਮਹਿਲਾ ਤੇ ਬਾਲ ਵਿਕਾਸ ਜਿਹੇ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਸੀ। ਸ਼੍ਰੀ ਸਤਯੇਂਦਰ ਜੈਨ ਪਿਛਲੀ ਸਰਕਾਰ ਵਿੱਚ ਸਿਹਤ, ਉਦਯੋਗ, ਬਿਜਲੀ, ਜਨਤਕ ਉਸਾਰੀ ਵਿਭਾਗ, ਗ੍ਰਹਿ ਤੇ ਸ਼ਹਿਰੀ ਵਿਕਾਸ ਦੇ ਵਿਭਾਗਾਂ ਬਾਰੇ ਮੰਤਰੀ ਸਨ। ਸ਼੍ਰੀ ਕੇਜਰੀਵਾਲ ਦੇ ਇੱਕ ਹੋਰ ਵਿਸ਼ਵਾਸਪਾਤਰ ਗੋਪਾਲ ਰਾਏ ਕੋਲ ਆਮ ਪ੍ਰਸ਼ਾਸਨ ਵਿਭਾਗ, ਸਿੰਜਾਈ ਤੇ ਹੜ੍ਹ–ਕੰਟਰੋਲ ਤੇ ਕਿਰਤ ਦੇ ਨਾਲ–ਨਾਲ ਦਿਹਾਤੀ ਵਿਕਾਸ ਵਿਭਾਗ ਸਨ। ਉਹ ਆਮ ਆਦਮੀ ਪਾਰਟੀ ਦੀ ਦਿੱਲੀ ਸੂਬਾ ਇਕਾਈ ਦੇ ਕਨਵੀਨਰ ਵੀ ਹਨ। ਸ਼੍ਰੀ ਇਮਰਾਨ ਹੁਸੈਨ ਨੂੰ ਪਿਛਲੀ ਸਰਕਾਰ ਵਿੱਚ ਵਾਤਾਵਰਣਕ ਮਾਪਦੰਡ ਲਾਗੂ ਕਰਨ ਦਾ ਸਿਹਰਾ ਜਾਂਦਾ ਹੈ। ਉਹ ਵਾਤਾਵਰਨ, ਵਣ, ਖ਼ੁਰਾਕ ਤੇ ਸਪਲਾਈ ਜਿਹੇ ਵਿਭਾਗ ਸੰਭਾਲ ਚੁੱਕੇ ਹਨ। ਸ਼੍ਰੀ ਰਾਜੇਂਦਰ ਗੌਤਮ ਇੱਕ ਵਕੀਲ ਹਨ, ਜੋ ਸਾਲ 2014 ‘ਚ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਸਨ। ਉਹ ਕੌਮੀ ਕਾਰਜਕਾਰਨੀ ਦੇ ਵੀ ਮੈਂਬਰ ਹਨ।। ਉਹ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਗੁਰਦੁਆਰਾ ਚੋਣਾਂ, ਜਲ ਤੇ ਸਹਿਕਾਰੀ ਸੰਮਤੀਆਂ ਦੇ ਰਜਿਸਟਰਾਰ ਦੇ ਨਾਲ ਸਮਾਜ ਭਲਾਈ ਵਿਭਾਗ ਦੇ ਇੰਚਾਰਜ ਸਨ। ਸ਼੍ਰੀ ਕੈਲਾਸ਼ ਗਹਿਲੋਤ ਕੋਲ ਪਿਛਲੀ ਸਰਕਾਰ ‘ਚ ਟ੍ਰਾਂਸਪੋਰਟ, ਮਾਲ, ਕਾਨੂੰਨ, ਨਿਆਂ ਤੇ ਵਿਧਾਨਕ ਮਾਮਲੇ, ਸੂਚਨਾ ਤੇ ਤਕਨਾਲੋਜੀ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦੀ ਜ਼ਿੰਮੇਵਾਰੀ ਸੀ।






