May 10, 2026
#ਭਾਰਤ

ਦਿੱਲੀ ‘ਚ ਭਾਰੀ ਹਿੰਸਾ-ਇੱਕ ਪੁਲਿਸ ਮੁਲਾਜ਼ਮ ਦੀ ਮੌਤ

ਨਵੀਂ ਦਿੱਲੀ – ਨਾਗਰਿਕਤਾ ਸੋਧ ਕਾਨੂੰਨ ‘ਤੇ ਦਿੱਲੀ ਵਿੱਚ ਦੂਜੇ ਦਿਨ ਵੀ ਹਿੰਸਾ ਜਾਰੀ ਰਹੀ। ਇਥੋਂ ਦੇ ਮੌਜਪੁਰ ਅਤੇ ਜਾਫਰਾਬਾਦ ਵਿੱਚ ਸੀ.ਏ.ਏ. ਅਤੇ ਇਸ ਦਾ ਵਿਰੋਧ ਕਰਨ ਵਾਲੇ ਆਹਮਣੇ ਸਾਹਮਣੇ ਆ ਗਏ। ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਭਾਰੀ ਪੱਥਰਬਾਜ਼ੀ ਕੀਤੀ ਗਈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਛੱਡਣੀ ਪਈ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਹੈ। ਗੋਕੂਲਪੁਰੀ ‘ਚ ਹੋਈ ਝੜਪ ਵਿੱਚ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰਤਨ ਲਾਲ ਸਹਾਇਕ ਪੁਲਿਸ ਕਮਿਸ਼ਨਰ ਦੇ ਦਫ਼ਤਰ ਨਾਲ ਜੁੜੇ ਹੋਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਹਿੰਸਾ ਦੀ ਘਟਨਾ ਦੇ ਮੱਦੇਨਜ਼ਰ ਉੱਤਰ ਪੂਰਬ ਜ਼ਿਲ੍ਹੇ ਵਿੱਚ 10 ਥਾਵਾਂ ਤੇ ਧਾਰਾ 144 ਲਾਗੂ ਕਰਦਿਆਂ ਕਰਫਿਊ ਲਗਾਇਆ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਰਾਜਧਾਨੀ ਦੇ ਹਾਲਾਤ ‘ਤੇ ਚਿੰਤਾ ਪ੍ਰਗਟਾਈ ਹੈ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ।