May 5, 2026
#ਪ੍ਰਮੁੱਖ ਖ਼ਬਰਾਂ #ਭਾਰਤ

ਅਯੋਧਿਆ ਵਿਖੇ ਰਾਮ ਲੱਲ੍ਹਾ 24 ਨੂੰ ਹੋਣਗੇ ਬਿਰਾਜਮਾਨ-ਦਰਸ਼ਨ 25 ਤੋਂ

ਅਯੋਧਿਆ ‘ਚ ਰਾਮ ਮੰਦਰ ਦੀ ਉਸਾਰੀ ਲਈ ਤਿਆਰੀਆਂ ਤੇਜ਼

ਅਯੁੱਧਿਆ – ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਸਬੰਧੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਨਵਰਾਤਰੇ ਦੇ ਪਹਿਲੇ ਦਿਨ 24 ਮਾਰਚ ਰਾਮ ਲੱਲ੍ਹਾ ਨੂੰ ਤੰਬੂ ਤੋਂ ਹਟਾ ਕੇ ਬੁਲੈਟਪਰੂਫ਼ ਫਾਈਬਰ ਮੰਦਰ ‘ਚ ਸ਼ਿਫ਼ਟ ਕੀਤਾ ਜਾਵੇਗਾ। ਰਾਮ ਭਗਤ 25 ਮਾਰਚ ਤੋਂ ਰਾਮ ਲੱਲ੍ਹਾ ਦੇ ਦਰਸ਼ਨ ਕਰ ਸਕਣਗੇ। ਇੱਥੇ ਜ਼ਿਕਰਯੋਗ ਹੈ ਕਿ ਰਾਮ ਲੱਲ੍ਹਾ 6 ਦਸੰਬਰ, 1992 ਤੋਂ ਲੈ ਕੇ ਹੁਣ ਤੱਕ ਇੱਕ ਤੰਬੂ ਹੇਠਾਂ ਬਿਰਾਜਮਾਨ ਸਨ। ਸ਼ਨਿੱਚਰਵਾਰ ਨੂੰ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮਹਾ ਜਨਰਲ ਸਕੱਤਰ ਅਤੇ ਵੀ.ਐਚ.ਪੀ. ਨੇਤਾ ਚੰਪਤ ਰਾਏ ਨੇ ਰਾਮ ਮੰਦਰ ਕੰਪਲੈਕਸ ਦਾ ਦੌਰਾ ਕੀਤਾ ਅਤੇ ਨਿਰਮਾਣ ਕੀਤੇ ਜਾਣ ਵਾਲੇ ਰਾਮ ਮੰਦਰ ਸਬੰਧੀ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਸਮੇਂ ਉਨ੍ਹਾਂ ਨਾਲ ਟਰੱਸਟ ਦੇ ਦੂਜੇ ਮੈਂਬਰ ਸਾਹਿਬਾਨ ਵੀ ਸਨ। ਟਰੱਸਟ ਜਲਦੀ ਹੀ ਅਯੁਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੌਰਾਨ 27 ਸਾਲ ਬਾਅਦ 24 ਮਾਰਚ ਨੂੰ ਰਾਮ ਲੱਲ੍ਹਾ ਦੇ ਫਾਇਬਰ ਮੰਦਰ ‘ਚ ਸਥਾਪਿਤ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਭਗਤਾਂ ਦੀ ਵੱਡੀ ਗਿਣਤੀ ਵਿੱਚ ਆਮਦ ਦੇ ਮੱਦੇਨਜ਼ਰ ਇਸ ਸਬੰਧੀ ਕਾਫ਼ੀ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਚੰਪਤ ਰਾਏ ਨੇ ਦੱਸਿਆ ਕਿ, ਇੱਥੇ ਦੀ ਵਿਵਸਥਾ ਨੂੰ ਬਹੁਤ ਬਾਰੀਕੀ ਨਾਲ ਦੇਖ ਕੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਰਾਮ ਲੱਲ੍ਹਾ ਨੂੰ ਨਵਰਾਤਰੇ ਦੇ ਪਹਿਲੇ ਦਿਨ ਤੋਂ ਪਹਿਲਾਂ ਹੀ ਤੰਬੂ ਤੋਂ ਫਾਇਬਰ ਮੰਦਰ ‘ਚ ਲਿਜਾਇਆ ਜਾਵੇਗਾ। ਫਾਇਬਰ ਮੰਦਰ ਦਿੱਲੀ ਵਿਖੇ ਭਾਰੀ ਸੁਰੱਖਿਆ ਵਿਵਸਥਾ ਦੇ ਤਹਿਤ ਇਸਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।