ਪੂਜਾ ਰਾਣੀ ਤੇ ਵਿਕਾਸ ਨੇ ਓਲੰਪਿਕ ’ਚ ਥਾਂ ਬਣਾਈ
ਏਸ਼ਿਆਈ ਚੈਂਪੀਅਨ ਪੂਜਾ ਰਾਣੀ ਅਤੇ ਵਿਕਾਸ ਕ੍ਰਿਸ਼ਨ (69 ਕਿਲੋ) ਅੱਜ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ, ਜਿਸ ਨਾਲ ਉਹ ਇਸ ਸਾਲ ਦੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਮੁੱਕੇਬਾਜ਼ ਬਣ ਗਏ। ਚੌਥਾ ਦਰਜਾ ਪ੍ਰਾਪਤ ਰਾਣੀ ਨੇ ਥਾਈਲੈਂਡ ਦੀ ਪੋਰਨਿਪਾ ਚਿਊਟੀ ਨੂੰ 5-0 ਨਾਲ ਅਤੇ ਕ੍ਰਿਸ਼ਨ ਨੇ ਸਖ਼ਤ ਮੁਕਾਬਲੇ ਵਿੱਚ ਤੀਜਾ ਦਰਜਾ ਪ੍ਰਾਪਤ ਜਾਪਾਨੀ ਮੁੱਕੇਬਾਜ਼ ਸੈਵੋਨਰਟਸ ਓਕਾਜ਼ਾਵਾ ਨੂੰ ਹਰਾ ਕੇ ਏਸ਼ੀਆ/ ਓਸਿਆਨਾ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਤਗ਼ਮਾ ਪੱਕਾ ਕੀਤਾ। ਹਾਲਾਂਕਿ ਸਚਿਨ ਕੁਮਾਰ (81 ਕਿਲੋ) ਨੂੰ ਕੁਆਰਟਰ ਫਾਈਨਲ ਵਿੱਚ ਚੀਨ ਦੇ ਕੌਮੀ ਚੈਂਪੀਅਨ ਦਾਕਸਿੰਗ ਚੇਨ ਤੋਂ 2-3 ਨਾਲ ਹਾਰ ਝੱਲਣੀ ਪਈ। ਪਰ ਉਹ ਹੁਣ ਵੀ ਓਲੰਪਿਕ ਸਥਾਨ ਹਾਸਲ ਕਰ ਸਕਦਾ ਹੈ। ਇਸ ਭਾਰ ਵਰਗ ਤੋਂ ਚੋਟੀ ਦੇ ਪੰਜ ਮੁੱਕੇਬਾਜ਼ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਗੇ।ਰਾਣੀ ਨੇ ਜਿੱਥੇ ਪਹਿਲੀ ਵਾਰ ਓਲੰਪਿਕ ਕੋਟਾ ਹਾਸਲ ਕੀਤਾ ਹੈ, ਉਥੇ ਕ੍ਰਿਸ਼ਨ ਨੇ ਲਗਾਤਾਰ ਤੀਜੀ ਵਾਰ ਇਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ, ਜੋ ਜੁਲਾਈ-ਅਗਸਤ ਵਿੱਚ ਹੋਣਾ ਹੈ। ਰਾਣੀ ਨੇ ਤਿੰਨ ਵਾਰ ਏਸ਼ਿਆਈ ਤਗ਼ਮਾ ਜਿੱਤਿਆ ਹੈ ਅਤੇ 2014 ਦੀਆਂ ਏਸ਼ਿਆਈ ਖੇਡਾਂ ਵਿੱਚ ਕਾਂਸੀ ਵੀ ਹਾਸਲ ਕਰ ਚੁੱਕੀ ਹੈ।ਰਾਣੀ ਨੇ ਕਿਹਾ, “ਮੈਂ ਇਸ ਮੁੱਕੇਬਾਜ਼ ਖ਼ਿਲਾਫ਼ ਪਹਿਲਾਂ ਨਹੀਂ ਖੇਡੀ ਸੀ, ਇਸ ਲਈ ਥੋੜ੍ਹੀ ਡਰੀ ਹੋਈ ਸੀ। ਮੈਂ ਫਾਈਟ ਤੋਂ ਪਹਿਲਾਂ ਆਪਣੇ ਕੋਚਾਂ ਨੂੰ ਇਸ ਬਾਰੇ ਦੱਸ ਦਿੱਤਾ ਸੀ। ਉਨ੍ਹਾਂ ਨੇ ਮੇਰਾ ਹੌਸਲਾ ਵਧਾਇਆ ਅਤੇ ਮੈਂ ਇਕਪਾਸੜ ਜਿੱਤ ਦਰਜ ਕਰ ਲਈ। ਮੈਂ ਮੁਕਾਬਲਾ ਜਿੱਤ ਕੇ ਖੁਸ਼ ਹਾਂ।’’ ਰਾਣੀ ਦਾ ਸਾਹਮਣਾ ਹੁਣ ਮੌਜੂਦਾ ਵਿਸ਼ਵ ਅਤੇ ਅਤੇ ਏਸ਼ਿਆਈ ਚੈਂਪੀਅਨ ਚੀਨ ਦੀ ਲੀ ਕਿਆਨ ਨਾਲ ਹੋਵੇਗਾ।






