May 5, 2026
#ਪੰਜਾਬ

ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਵੱਲੋਂ ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਵਿਸ਼ੇਸ਼ ਪ੍ਰਬੰਧ : ਜੱਥੇ. ਗਾਬਾ

ਜਲੰਧਰ – ਅੱਜ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ (ਗੁਰਦੁਆਰਾ ਨੌਵੀਂ ਪਾਤਸ਼ਾਹੀ) ਜੀ.ਟੀ.ਬੀ. ਨਗਰ ਜਲੰਧਰ ਦੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਜੱਥੇਦਾਰ ਜਗਜੀਤ ਸਿੰਘ ਗਾਬਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ। ਹਸਪਤਾਲ ਦੀ ਤਰਫੋਂ ਮਾਸਕ ਅਤੇ ਸੈਨੇਟਾਇਜ਼ਰ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਏ ਜਾਣਗੇ। ਮੀਟਿੰਗ ਵਿੱਚ ਕਿਹਾ ਗਿਆ ਕਿ ਇਸ ਬਿਮਾਰੀ ਤੋਂ ਬਚਣ ਲਈ ਡਾਕਟਰਾਂ ਦੀਆਂ ਜੋ ਹਦਾਇਤਾਂ ਹਨ ਉਨ੍ਹਾਂ ਨੂੰ ਆਮ ਲੋਕਾਂ ਤੱਕ ਪਹੁੰਚਾ ਕੇ ਅਸੀਂ ਇਸ ਮਹਾਮਾਰੀ ਨੂੰ ਹਰਾ ਸਕਦੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਦੀਆਂ ਪਹਿਲਾਂ ਹੁਕਮ ਕੀਤਾ ਸੀ ਕਿ ਦੋਵੇਂ ਹੱਥ ਜੋੜ ਕੇ ਫਤਹਿ ਬੁਲਾਈ ਜਾਵੇ। ਅੱਜ ਡਾਕਟਰ ਸਦੀਆਂ ਬਾਅਦ ਸਾਨੂੰ ਕਹਿ ਰਹੇ ਹਨ ਕਿ ਹੱਥ ਮਿਲਾਉਣ ਨਾਲ ਇਸ ਬਿਮਾਰੀ ਲੱਗਣ ਦੇ ਡਰ ਹਨ। ਸਾਨੂੰ ਇਨ੍ਹਾਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜਿੱਥੇ ਬਹੁਤਾ ਇਕੱਠ ਹੋਵੇ ਉਸ ਜਗ੍ਹਾ ‘ਤੇ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ, ਖਾਣ ਪੀਣ ਦੀਆਂ ਵਸਤਾਂ ਦੀ ਸਾਫ਼ ਸਫਾਈ ਰੱਖੀ ਜਾਵੇ ਅਤੇ ਸਾਦਾ ਭੋਜਣ ਛਕਿਆ ਜਾਵੇ। ਬਾਜ਼ਾਰ ਦੇ ਖਾਣੇ ਤੋਂ ਪ੍ਰਹੇਜ਼ ਕਰਨ ਚਾਹੀਦਾ ਹੈ। ਮੀਟਿੰਗ ਵਿੱਚ ਜੱਥੇਦਾਰ ਗਾਬਾ ਤੋਂ ਇਲਾਵਾ ਸ. ਮਨਜੀਤ ਸਿੰਘ ਠੁੱਕਰਾਲ, ਸ. ਕੰਵਲਜੀਤ ਸਿੰਘ ਸਕੱਤਰ, ਸ. ਕਮਲਜੀਤ ਸਿੰਘ ਟੋਨੀ, ਸ. ਜੋਗਿੰਦਰ ਸਿੰਘ ਲਾਇਲਪੁਰੀ, ਸ. ਪਰਮਜੀਤ ਸਿੰਘ ਪਹਿਲਵਾਨ, ਸ. ਪਰਮਜੀਤ ਸਿੰਘ ਕਾਹਨਪੁਰੀ, ਸ. ਹਰਦੀਪ ਸਿੰਘ ਲਾਡੀ, ਸ. ਕੁਲਵਿੰਦਰ ਸਿੰਘ ਮੱਲ੍ਹੀ, ਸ. ਹਰਜਿੰਦਰ ਸਿੰਘ ਲੈਂਡ ਲਾਰਡ ਅਤੇ ਸ. ਹਰਜੀਤ ਸਿੰਘ ਕਾਹਲੋਂ ਹਾਜ਼ਰ ਸਨ।