ਰੋਪੜ ਜ਼ਿਲ੍ਹੇ ਦਾ ਬਿਜਲੀ ਬਿਲਾਂ ਦਾ 110 ਕਰੋੜ ਤੋਂ ਵੱਧ ਬਕਾਇਆ : ਰਣਜੀਤ ਸਿੰਘ ਪਤਿਆਲਾਂ
ਰੂਪਨਗਰ – ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਣÎਜੀਤ ਸਿੰਘ ਪਤਿਆਲਾਂ ਵੱਲੋਂ ਬਿਜਲੀ ਬੋਰਡ ਤੋਂ 23 ਜਨਵਰੀ 2020 ਨੂੰ ਇੱਕ ਆਰ.ਟੀ.ਆਈ. ਰਾਹੀਂ ਰੋਪੜ ਜ਼ਿਲ੍ਹੇ ਦੇ ਬਿਲਾਂ ਦੇ ਬਕਾਏ ਦੀ ਸੂਚੀ ਮੰਗੀ ਗਈ। ਉਹਨਾਂ ਦਸਿਆ ਕਿ ਇਸ ਰਾਹੀਂ ਬਿਜਲੀ ਬਿਲਾਂ ਦੇ 6 ਮਹੀਨੇ ਤੋਂ ਪੁਰਾਣਾ ਅਤੇ 25000/- ਰੁਪਏ ਤੋਂ ਵੱਧ ਦੇ ਬਕਾਇਆਂ ਵਿੱਚ 500 ਤੋਂ ਵਧੇਰੇ ਸਰਕਾਰੀ ਅਤੇ ਗੈਰ-ਸਰਕਾਰੀ ਨਾਵਾਂ ਦੀ ਸੂਚੀ ਪ੍ਰਾਪਤ ਹੋਈ, ਜਿਨ੍ਹਾਂ ਵੱਲ 27 ਫਰਵਰੀ 2020 ਤੱਕ ਆਰ.ਟੀ.ਆਈ. ਮੁਤਾਬਕ ਕੇਵਲ ਰੋਪੜ ਜ਼ਿਲ੍ਹੇ ਦਾ ਹੀ ਇੱਕ ਸੌ ਦੱਸ ਕਰੋੜ, ਉਨਤਾਲੀ ਲੱਖ, ਚਾਰ ਹਜ਼ਾਰ, ਨੌ ਸੌ ਚੌਂਹਠ ਰੁਪਏ (110,39,04,964/-) ਡਿਫਾਲਟਰਾਂ ਰਕਮ ਖੜ੍ਹੀ ਹੈ। ਅੱਜ ਆਦਮੀ ਪਾਰਟੀ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਉਕਤ ਵਿੱਚੋਂ ਕੁਝ ਚੋਣਵਿਆਂ ਨਾਂਵਾਂ ਦੀ ਸੂਚੀ ਜਾਰੀ ਕੀਤੀ ਗਈ,ਪ੍ਰੈੱਸ ਕਾਨਫਰੰਸ ਵਿੱਚ ਬੋਲਦਿਆਂ ਪਾਰਟੀ ਦੇ ਓਬਜ਼ਰਵਰ ਸਤਵੀਰ ਵਾਲੀਆ ਨੇ ਕਿਹਾ ਕਿ ਰੂਪਨਗਰ ਦੇ ਪਾਰਟੀ ਆਗੂਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਤਰਜ਼ ਤੇ ਪੰਜਾਬ ਦੇ ਹਰ ਜ਼ਿਲ੍ਹੇ ਵਿਚੋਂ ਆਰ.ਟੀ.ਆਈ. ਰਾਹੀਂ ਜਾਣਕਾਰੀ ਲਈ ਜਾਵੇਗੀ। ਉਹਨਾਂ ਕਿਹਾ ਕਿ ਜਦੋਂ ਰੂਪਨਗਰ ਇੱਕ ਛੋਟੇ ਜਿਹੇ ਜ਼ਿਲ੍ਹੇ ਵਿੱਚ, ਜਿੱਥੇ ਕੋਈ ਵੱਡਾ ਉਦਯੋਗ ਵੀ ਨਹੀਂ ਹੈ ਅਤੇ ਨਾ ਹੀ ਬਹੁਤੇ ਰਾਜਨੀਤਿਕ ਲੋਕਾਂ ਦਾ ਗਲਬਾ ਹੈ, ਤਾਂ ਇੰਨੀ ਵੱਡੀ ਰਕਮ ਬਕਾਇਆ ਖੜ੍ਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੂਰੇ ਪੰਜਾਬ ਵਿੱਚ ਪੰਜ ਹਜ਼ਾਰ ਕਰੋੜ ਤੋਂ ਵੀ ਵੱਧ ਬਕਾਇਆ ਖੜ੍ਹਾ ਹੋ ਸਕਦਾ ਹੈ।ਉਹਨਾਂ ਕਿਹਾ ਕਿ ਜਿਉਂ ਹੀ ਕਰੋਨਾ ਵਾਇਰਸ ਫੈਲਣ ਦਾ ਖਤਰਾ ਘਟੇਗਾ, ਉਸੇ ਵੇਲੇ ਪਾਰਟੀ ਵਰਕਰ ਇਨ੍ਹਾਂ ਡਿਫਾਲਟਰ ਅਦਾਰਿਆਂ/ਰਾਜਨੀਤਿਕ ਲੋਕਾਂ ਦੇ ਨਿੱਜੀ ਕਨੈਕਸ਼ਨ ਕੱਟਣ ਦੀ ਮੁਹਿੰਮ ਆਮ ਜਨਤਾ ਨੂੰ ਨਾਲ ਲੈ ਕੇ ਵਿੱਡੀ ਜਾਵੇਗੀ। ਪਾਰਟੀ ਆਗੂ ਸੁਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਵੱਡੇ ਲੋਕਾਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਬਿਜਲੀ ਬੋਰਡ ਦੀਆਂ ਵੱਡੀਆਂ ਰਕਮਾਂ ਦਬਣ ਕਾਰਨ ਹੀ ਬਿਜਲੀ ਦੇ ਰੇਟ ਬਾਰ-ਬਾਰ ਵੱਧਾ ਕੇ ਆਮ ਖਪਤਕਾਰਾਂ ਦਾ ਖੂਨ ਚੂਸਿਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਮੀਡੀਆ ਇੰਚਾਰਜ ਰਣÎਜੀਤ ਸਿੰਘ ਪਤਿਆਲਾਂ ਨੇ ਕਿਹਾ ਕਿ ਜਿਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ/ਰਾਜਨੀਤਿਕ ਆਗੂਆਂ ਕੋਲੋਂ ਆਮ ਲੋਕਾਂ ਨੇ ਚੰਗੇ ਨਾਗਰਿਕ ਬਣਨ ਦਾ ਸਬਕ ਸਿੱਖਣਾ ਹੁੰਦਾ ਹੈ, ਉਹੀ ਲੋਕ ਲੱਖਾਂ ਰੁਪਏ ਦੇ ਡਿਫਾਲਟਰ ਸਿੱਧ ਹੋ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਪੂਰੀ ਹਫੜਾ-ਦਫੜੀ ਮਚੀ ਹੋਈ ਹੈ। ਬਿਊਰੋਕਰੇਟ ਸਰਕਾਰ ਚਲਾ ਰਹੀ ਹੈ ਅਤੇ ਸਰਕਾਰ ਵਪਾਰ ਚਲਾ ਰਹੀ ਹੈ। ਉਹਨਾ ਕਿਹਾ ਕਿ 15 ਅਪ੍ਰੈਲ 2020 ਨੂੰ ਇਸੇ ਤਰਜ਼ ਦੀ ਇੱਕ ਹੋਰ ਆਰ.ਟੀ.ਆਈ. ਲਈ ਜਾਵੇਗੀ, ਜਿਸ ਵਿੱਚ ਇਸ ਉਪਰਾਲੇ ਤੋਂ ਬਾਅਦ ਬਿਜਲੀ ਵਿਭਾਗ ਦੀ ਹੋਈ ਉਗਰਾਈ ਦਾ ਵੇਰਵਾ ਪ੍ਰੈਸ ਰਾਹੀਂ ਜਨਤਕ ਕੀਤਾ ਜਾਵੇਗਾ, ਜੇਕਰ ਉਗਰਾਹੀ ਨਹੀਂ ਹੁੰਦੀ ਤਾਂ ਲੋਕਾਂ ਦੀ ਕਚਹਿਰੀ ਵਿੱਚ ਇਹ ਮਾਮਲਾ ਰੱਖ ਕੇ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਆਗੂ ਬਲਵਿੰਦਰ ਸੈਣੀ, ਪ੍ਰਿੰ: ਸੁਰਜਨ ਸਿੰਘ, ਸ਼ਾਮ ਸੁੰਦਰ ਸੈਣੀ, ਹਰਪ੍ਰੀਤ ਸਿੰਘ ਕਾਹਲੋਂ, ਸਰਬਜੀਤ ਸਿੰਘ ਹੁੰਦਲ, ਵੇਦ ਪ੍ਰਕਾਸ਼, ਅਮਿਤ ਕੁਮਾਰ, ਬਲਰਾਜ ਸ਼ਰਮਾ, ਸੁਬੇਦਾਰ ਗੁਰਮੇਲ ਸਿੰਘ, ਬਦਨ ਸਿੰਘ ਅਤੇ ਸੋਸ਼ਲ ਮੀਡੀਆ ਇੰਚਾਰਜ ਪੰਜਾਬ ਨੂਰ ਮੁਹੰਮਦ ਮੌਜੂਦ ਸਨ।






