ਬੁਮਰਾਹ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ’ਚੋਂ ਬਾਹਰ
ਭਾਰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ਤੋਂ ਪਹਿਲਾਂ ਉਸ ਸਮੇਂ ਤਕੜਾ ਝਟਕਾ ਲਗਿਆ ਜਦੋਂ ਉਸ ਦਾ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੇ ਦਰਦ ਕਾਰਨ ਤਿੰਨ ਮੈਚਾਂ ਦੀ ਲੜੀ ’ਚੋਂ ਬਾਹਰ ਹੋ ਗਿਆ। ਉਸ ਦੇ ਬੰਗਲਾਦੇਸ਼ ਖ਼ਿਲਾਫ਼ ਲੜੀ ਵਿੱਚ ਖੇਡਣ ਬਾਰੇ ਵੀ ਬੇਯਕੀਨੀ ਹੈ।ਬੁਮਰਾਹ ਦੀ ਥਾਂ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਦੋ ਅਕਤੂਬਰ ਤੋਂ ਵਿਸ਼ਾਖਾਪਟਨਮ ਵਿੱਚ ਸ਼ੁਰੂ ਹੋਣ ਵਾਲੀ ਟੈਸਟ ਲੜੀ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਬਿਆਨ ਵਿੱਚ ਕਿਹਾ, ‘‘ਇਸ ਸੱਟ ਬਾਰੇ ਲਗਾਤਾਰ ਰੇਡੀਓਲੋਜੀ ਸਕ੍ਰੀਨਿੰਗ ਦੌਰਾਨ ਪਤਾ ਚੱਲਿਆ ਹੈ। ਫਿੱਟ ਹੋਣ ਤੱਕ ਉਹ ਕੌਮੀ ਕ੍ਰਿਕਟ ਅਕੈਡਮੀ ਵਿੱਚ ਰਹੇਗਾ ਅਤੇ ਬੀਸੀਸੀਆਈ ਦੀ ਮੈਡੀਕਲ ਟੀਮ ਉਸ ’ਤੇ ਨਜ਼ਰ ਰੱਖੇਗੀ। ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਬੁਮਰਾਹ ਦੀ ਥਾਂ ਉਮੇਸ਼ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।’’ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਹਾਲਾਂਕਿ ਕਿਹਾ ਕਿ ਬੁਮਰਾਹ ਬੰਗਲਾਦੇਸ਼ ਖ਼ਿਲਾਫ਼ ਟੈਸਟ ਲੜੀ ’ਚੋਂ ਵੀ ਬਾਹਰ ਰਹਿ ਸਕਦਾ ਹੈ। ਇਸ ਲੜੀ ਵਿੱਚ ਤਿੰਨ ਟੀ-20 ਕੌਮਾਂਤਰੀ ਅਤੇ ਦੋ ਟੈਸਟ ਮੈਚ ਖੇਡੇ ਜਾਣੇ ਹਨ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ। ਬੰਗਲਾਦੇਸ਼ ਖ਼ਿਲਾਫ਼ ਭਾਰਤ ਤਿੰਨ ਤੋਂ 26 ਨਵੰਬਰ ਦੌਰਾਨ ਖੇਡੇਗਾ।ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ’ਤੇ ਦੱਸਿਆ, ‘‘ਜਸਪ੍ਰੀਤ ਘੱਟ ਤੋਂ ਘੱਟ ਸੱਤ ਤੋਂ ਅੱਠ ਹਫ਼ਤੇ ਤੱਕ ਨਹੀਂ ਖੇਡ ਸਕੇਗਾ। ਜਿਸ ਦਾ ਮਤਲਬ ਹੈ ਕਿ ਉਹ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੈਚਾਂ ਵਿੱਚ ਵੀ ਨਹੀਂ ਖੇਡ ਸਕੇਗਾ। ਉਹ ਨਵੰਬਰ ਤੱਕ ਬਾਹਰ ਰਹੇਗਾ।’’






