April 28, 2026
#ਭਾਰਤ

ਪੰਜਾਬ ‘ਚ ਛੇਤੀ ਆਵੇਗੀ ਉਦਯੋਗਿਕ ਕ੍ਰਾਂਤੀ : ਮਨਪ੍ਰੀਤ ਸਿੰਘ ਬਾਦਲ

ਪੰਜਾਬ ਸਰਕਾਰ ਦੇ ਵਫਦ ਵੱਲੋਂ ਉਯੋਗਿਕ ਇਕਾਈਆਂ ਨਾਲ ਵਿਚਾਰ-ਚਰਚਾ

ਮੁੰਬਈ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ‘ਚ ਪੰਜਾਬ ਦੇ ਉੱਚ ਪੱਧਰੀ ਵਫਦ ਨੇ ਮੰਗਲਵਾਰ ਨੂੰ ਮੁੰਬਈ ਵਿਖੇ 2 ਦਿਨਾਂ ਦੌਰੇ ਦੇ ਪਹਿਲੇ ਦਿਨ ਕਈ ਸਮਾਗਮਾਂ ਅਤੇ ਮੀਟਿੰਗਾਂ ਵਿੱਚ ਉਦਯੋਗਿਕ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕੀਤਾ। ਇਨਵੈਸਟ ਪੰਜਾਬ ਦੇ ਵਫਦ ਨੇ ਸੰਮੇਲਨ ਤੋਂ ਪਹਿਲਾਂ ਵਿਚਾਰ-ਚਰਚਾ ਦਾ ਆਯੋਜਨ ਕੀਤਾ ਅਤੇ ਦਸੰਬਰ, 2019 ‘ਚ ਕਰਵਾਈ ਜਾਣ ਵਾਲੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ ਵਿਚ ਹਿੱਸਾ ਲੈਣ ਲਈ ਉੱਦਮੀਆਂ ਨੂੰ ਸੱਦਾ ਦਿੱਤਾ। ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ 1960 ਦੇ ਦਹਾਕੇ ਵਿਚ ਦੇਸ਼ ਨੂੰ ਅਨਾਜ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣ ਵਾਲੀ ਹਰੀ ਕ੍ਰਾਂਤੀ ਵਿਚ ਪੰਜਾਬ ਦੀ ਅਹਿਮ ਭੂਮਿਕਾ ਸੀ, ਇਸੇ ਤਰ੍ਹਾਂ ਹੁਣ ਪੰਜਾਬ ਜਲਦੀ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਵੀ ਤਿਆਰ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਵਿਕਾਸ ਦੇ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਹੁਣ ਇਹ ਤੇਜੀ ਨਾਲ ਪ੍ਰਮੁੱਖ ਉਦਯੋਗਿਕ ਸੂਬਿਆਂ ਦੇ ਬਰਾਬਰ ਆਉਂਦਾ ਜਾ ਰਿਹਾ ਹੈ ਅਤੇ ਜਲਦੀ ਹੀ ਦੇਸ ਦੇ ਉਦਯੋਗਿਕ ਖੇਤਰ ਵਿਚ ਮੋਹਰੀ ਸੂਬਾ ਬਣ ਕੇ ਉਭਰੇਗਾ। ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਉਦਯੋਗੀਕਰਨ ਵੱਲ ਵਧ ਰਿਹਾ ਹੈ ਕਿਉਂਕਿ ਸਾਡੀ ਰਵਾਇਤੀ ਖੇਤੀ ਵਾਲੀ ਆਰਥਿਕਤਾ ਪਹਿਲਾਂ ਹੀ ਸਿਖਰ ‘ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਦਯੋਗੀਕਰਨ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਇੱਕੋ-ਇਕ ਜ਼ਰੀਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਤੇ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਨਿਵੇਸਕਾਂ ਲਈ ਢੁੱਕਵੇਂ ਮਾਹੌਲ ਦੇ ਨਾਲ ਨਾਲ ਰਿਆਇਤਾਂ ਅਤੇ ਸੁਖਾਲੇ ਕਾਰੋਬਾਰ ਵਾਲੀਆਂ ਨੀਤੀਆਂ ਸਦਕਾ ਪੰਜਾਬ ਵਿਚ ਉਦਯੋਗ ਮੁੜ ਸੁਰਜੀਤ ਹੋ ਗਏ ਹਨ। ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਇਨਵੈਸਟ ਪੰਜਾਬ-ਇਕ ਵਨ-ਸਟਾਪ ਪਲੇਟਫਾਰਮ ਹੈ ਜੋ ਸੰਭਾਵਤ ਨਿਵੇਸਕਾਂ ਅਤੇ ਉੱਦਮੀਆਂ ਲਈ ਨਿਰਮਾਣ, ਫੂਡ ਪ੍ਰੋਸੈਸਿੰਗ ਆਈ.ਟੀ/ ਆਈ.ਟੀ.ਈ.ਐਸ, ਸਟਾਰਟਅੱਪਜ, ਐਸ.ਐਮ.ਈਜ਼ ਅਤੇ ਸਿੱਖਿਆ ਵਰਗੇ ਵਿਭਿੰਨ ਖੇਤਰਾਂ ਵਿਚ ਆਪਣੇ ਉੱਦਮ ਸਥਾਪਤ ਕਰਨ ਵਾਸਤੇ ਢੁੱਕਵਾਂ ਮਹੌਲ ਯਕੀਨੀ ਬਣਾ ਰਿਹਾ ਹੈ।