April 23, 2026
#ਖੇਡਾਂ

ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ ਦੇ ਮੁਕਾਬਲੇ ਅੰਮ੍ਰਿਤਸਰ ਵਿਚ ਸ਼ੁਰੂ

ਪ੍ਰਮੁੱਖ ਖੇਡ ਸਕੱਤਰ ਨੇ ਦਿੱਤਾ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ

ਚੰਡੀਗੜ੍ਹ – ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ ਅਤੇ ਵਾਲੀਬਾਲ ਫੈਡਰੇਸ਼ਨ ਵੱਲੋਂ ਜੱਲਿਆਂਵਾਲਾ ਬਾਗ ਸਾਕਾ ਦੇ 100 ਸਾਲ ਮੁਕੰਮਲ ਹੋਣ ‘ਤੇ ‘ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ’ ਦੇ ਮੁਕਾਬਲੇ ਅੱਜ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਲਟੀਪਰਪਜ ਜਿਮਨੇਜੀਅਮ ਵਿੱਚ ਸ਼ੁਰੂ ਹੋ ਗਏ ਹਨ। ਇਨਾਂ ਮੁਕਾਬਲਿਆਂ ਦਾ ਉਦਘਾਟਨ ਵਧੀਕ ਪ੍ਰਮੁੱਖ ਸਕੱਤਰ ਖੇਡਾਂ ਸ੍ਰੀ ਸੰਜੈ ਕੁਮਾਰ ਨੇ ਖੇਡ ਝੰਡਾ ਲਹਿਰਾ ਕੇ ਕੀਤਾ।ਸ੍ਰੀ ਸੰਜੈ ਕੁਮਾਰ ਨੇ ਖਿਡਾਰੀਆਂ ਵੱਲੋਂ ਕੱਢੇ ਗਏ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਉਨਾਂ ਨੇ ਆਪਣੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਕਿਹਾ ਕਿ ਉਹ ਖੇਡ ਨੂੰ ਖੇਡ ਭਾਵਨਾ ਨਾਲ ਹੀ ਖੇਡਣ। ਸ੍ਰੀ ਸੰਜੈ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲੇ ਜਲਿਆਂਵਾਲਾ ਬਾਗ ਦੇ 100 ਸਾਲ ਪੂਰੇ ਹੋਣ ‘ਤੇ ਕਰਵਾਏ ਜਾ ਰਹੇ ਹਨ। ਉਨਾਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਦੱਸਿਆ ਕਿ ਇਨਾਂ ਵਾਲੀਬਾਲ ਮੁਕਾਬਿਲਆਂ ਵਿੱਚ ਦੇਸ਼ ਭਰ ਤੋਂ 14 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ ਕਰੀਬ 300 ਖਿਡਾਰੀ ਭਾਗ ਲੈ ਰਹੇ ਹਨ ਅਤੇ ਇਹ ਮੁਕਾਬਲੇ 3 ਅਕਤੂਬਰ ਤੱਕ ਚੱਲਣਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੇ ਰਹਿਣ, ਖਾਣ-ਪੀਣ ਆਦਿ ਦੇ ਸਮੁੱਚੇ ਪ੍ਰਬੰਧ ਕੀਤੇ ਗਏ ਹਨ।ਇਸ ਮੌਕੇ ਸ੍ਰੀ ਰਾਜ ਕੁਮਾਰ ਵੇਰਕਾ ਕੈਬਨਿਟ ਮੰਤਰੀ ਪੰਜਾਬ ਨੇ ਖਿਡਾਰੀਆਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਖੇਡਾਂ ਵਿਅਕਤੀ ਨੂੰ ਅਨੁਸਾਸ਼ਨ, ਤੰਦਰੁਸਤ ਦੇ ਮਾਨਸਿਕ ਤੌਰ ਉਤੇ ਮਜ਼ਬੂਤ ਕਰਦੀਆਂ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਅੱਜ ਦੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਣਾ ਹੈ ਅਤੇ ਅੱਜ ਦੇ ਇਹ ਮੁਕਾਬਲੇ ਇਸੇ ਸੋਚ ਦਾ ਹਿੱਸਾ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜਿਥੇ ਮਿਲਾਵਟਖੋਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕੀਤੀ ਜਾ ਰਹੀ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਉਣ ਲਈ ਜੀ ਆਇਆ ਕਿਹਾ। ਸ੍ਰੀ ਔਜਲਾ ਨੇ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇਕ ਅੰਗ ਹਨ ਅਤੇ ਇਕ ਤੰਦਰੁਸਤ ਵਿਅਕਤੀ ਹੀ ਦੇਸ਼ ਦਾ ਚੰਗਾ ਨਾਗਰਿਕ ਬਣ ਸਕਦਾ ਹੈ।ਇਸ ਮੌਕੇ ਫੈਡਰੇਸ਼ਨ ਦੇ ਵਾਇਸ ਪ੍ਰਧਾਨ ਸ੍ਰੀ ਵਿਜੈਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸਿਖਿਆ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਭੰਗੜਾ ਅਤੇ ਜਿਮਨੇਜੀਅਮ ਦੀ ਪੇਸ਼ਕਾਰੀ ਵੀ ਕੀਤੀ। ਫੈਡਰੇਸਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਾਤਾਵਰਣ ਨੂੰ ਸਵੱਛ ਰੱਖਣ ਲਈ ਪੌਦਿਆਂ ਦੀ ਵੰਡ ਵੀ ਕੀਤੀ।ਇਸ ਮੌਕੇ ਸ੍ਰ ਸਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡਾ: ਜਸਪਾਲ ਸਿੰਘ ਸੰਧੂ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਸਿਵਰਾਜ ਸਿੰਘ ਬੱਲ ਐਸ:ਡੀ:ਐਮ, ਡਾ: ਰਜਤ ਓਬਰਾਏ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਫੈਡਰੇਸ਼ਨ ਦੇ ਜਨਰਲ ਸਕੱਤਰ ਸ੍ਰੀ ਕੰਵਲਜੀਤ ਸਿੰਘ, ਸ੍ਰ ਗੁਰਲਾਲ ਸਿੰਘ ਰਿਆੜ ਜਿਲਾ ਖੇਡ ਅਫਸਰ, ਸ੍ਰੀ ਪਰਗਟ ਸਿੰਘ ਧੁੰਨਾ ਚੇਅਰਮੈਨ ਵਾਟਰ ਸਪਲਾਈ ਤੇ ਸੀਵਰੇਜ ਬੋਰਡ, ਸ੍ਰ ਸੁਖਦੇਵ ਸਿੰਘ ਚਾਹਲ ਕੌਂਸਲਰ ਵੀ ਹਾਜਰ ਸਨ।