May 1, 2026

ਪੱਤਰਕਾਰ ਕੁਲਜੀਤ ਢੀਂਗਰਾ ‘ਤੇ ਪੀ.ਆਰ.ਟੀ.ਸੀ. ਦੇ ਡਰਾਈਵਰ ਤੇ ਕੰਡਕਟਰ ਵੱਲੋਂ ਹਮਲਾ-ਗੰਭੀਰ ਜ਼ਖ਼ਮੀ

ਰਾਮਪੁਰਾ ਫੂਲ – ਸ਼ਹਿਰ ਦੇ ਨਾਮੀ ਪੱਤਰਕਾਰ ਕੁਲਜੀਤ ਸਿੰਘ ਢੀਂਗਰਾ ਤੇ ਕੱਲ ਦੁਪਿਹਰ ਪੀ ਆਰ ਟੀ ਸੀ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਬਠਿੰਡਾ-ਚੰਡੀਗੜ੍ਹ ਸ਼ਾਹ ਮਾਰਗ ‘ਤੇ ਬਣੇ ਟੀ ਪੁਆਇੰਟ ਨੇੜੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਹ ਇਸ ਸਮੇਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਜੇਰੇ ਇਲਾਜ ਹਨ। ਸ਼੍ਰੀ ਕੁਲਜੀਤ ਢੀਂਗਰਾ ਨੇ ਦੱਸਿਆ ਕਿ ਉਹ ਬੱਸ ਸਟੈਂਡ ਰਾਮਪੁਰਾ ਵਿਖੇ ਮਿੰਨੀ ਬੱਸ ਅਪਰੇਟਰ ਯੂਨੀਅਨ ਵੱਲੋਂ ਰੱਖੀ ਗਈ ਪ੍ਰੈਸ ਕਾਨਫਰੰਸ ਦੀ ਕਵਰੇਜ਼ ਕਰਨ ਆਪਣੀ ਗੱਡੀ ਲੈਕੇ ਗਏ ਸਨ, ਜਿੱਥੇ ਬੱਸ ਸਟੈਂਡ ਤੋ ਬਾਹਰ ਨਿਕਲ ਰਹੀ ਪੀ ਆਰ ਟੀ ਸੀ ਗੱਡੀ ਨੰਬਰ ਪੀ ਬੀ 03 ਏ ਜੇ 5542 ਦੇ ਕੰਡਕਟਰ ਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ! ਤੇ ਕਹਿਣ ਲੱਗੇ ਕਿ ਤੁਸੀਂ ਮੂੰਹ ਚੱਕ ਕੇ ਗੱਡੀ ਬੱਸ ਅੱਡੇ ਅੰਦਰ ਲੈ ਆਏ ਹੋ! ਇਸੇ ਦੌਰਾਨ ਹੀ ਅਸੀਂ ਬੱਸ ਸਟੈਂਡ ਤੋ ਬਾਹਰ ਟੀ ਪੁਆਇੰਟ ਤੇ ਜਾਕੇ ਬੱਸ ਦੇ ਕੰਡਕਟਰ ਡਰਾਈਵਰ ਨੂੰ ਗਾਲਾਂ ਕੱਢਣ ਬਾਰੇ ਪੁੱਛਿਆ ਤਾਂ ਉਹ ਭੜਕ ਪਿਆ ਤੇ ਮਾਰਕੁੱਟ ਤੇ ਉੱਤਰ ਆਏ ! ਕੁਲਜੀਤ ਢੀਂਗਰਾ ਨੇ ਦੱਸਿਆ ਕਿ ਉਹ ਤਾਂ ਗਾਲਾਂ ਕੱਢਣ ਦੀ ਵਜਾ ਪੁੱਛ ਰਹੇ ਸਨ, ਪਰ ਡਰਾਈਵਰ , ਕੰਡਕਟਰ ਨੇ ਤੇਜ਼ਧਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕਰ ਦਿੱਤਾ! ਕੁਲਜੀਤ ਢੀਂਗਰਾ ਨੇ ਦੱਸਿਆ ਕਿ ਜੇਕਰ ਟੀ ਪੁਆਇੰਟ ਤੇ ਸਥਿਤ ਦੁਕਾਨਦਾਰ ਮੈਨੂੰ ਨਾ ਛੁਡਵਾਉਦੇ ਤਾਂ ਉਹ ਮੈਨੂੰ ਮਾਰ ਹੀ ਦਿੰਦੇ! ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਕੁਲਜੀਤ ਢੀਂਗਰਾ ਨੂੰ ਪੱਤਰਕਾਰ ਜਗਸੀਰ ਭੁੱਲਰ ਤੇ ਸੁਖਮੰਦਰ ਰਾਮਪੁਰਾ ਨੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ! ਕੁਲਜੀਤ ਢੀਂਗਰਾ ਦੇ ਸਿਰ, ਹੱਥ ਤੇ ਗੰਭੀਰ ਸੱਟਾਂ ਲੱਗੀਆਂ ਹਨ , ਇਸ ਤੋਂ ਇਲਾਵਾ ਇੱਕ ਦੰਦ ਵੀ ਟੁੱਟ ਗਿਆ ਹੈ! ਸਿਵਲ ਹਸਪਤਾਲ ਰਾਮਪੁਰਾ ਵਿਖੇ ਅੱਜ ਸਮੂਹ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ, ਜਿੰਨ੍ਹਾਂ ਵਿੱਚ ਰਜਨੀਸ਼ ਕਰਕਰਾ, ਓਮੇਸ਼ ਸਿੰਗਲਾ, ਜਸਵੰਤ ਦਰਦ ਪ੍ਰੀਤ, ਜੀਵਨ ਜਿੰਦਲ, ਹਰਪਰੀਤ ਹੈਪੀ, ਜਗਸੀਰ ਭੁੱਲਰ, ਜਸਪਾਲ ਪਾਲੀ, ਜਸਪ੍ਰੀਤ ਭੁੱਲਰ, ਦਲਜੀਤ ਭੱਟੀ, ਗੁਰਮੇਲ ਵਿਰਦੀ, ਮੱਖਣ ਬੁੱਟਰ, ਪਰਸ਼ੋਤਮ ਮੰਨੂ ਸ਼ਾਮਲ ਹੋਏ, ਜਿੰਨਾ ਨੇ ਡੀ ਐਸ ਪੀ ਫੂਲ ਨੂੰ ਮਿਲਕੇ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ! ਇਸ ਮੌਕੇ ਡੀ ਐਸ ਪੀ ਜਸਵੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਦੋਸ਼ੀਆਂ ਨੂੰ ਬਖਸਣਗੇ ਨਹੀ! ਦੂਜੇ ਪਾਸੇ ਸ਼ਹਿਰ ਦੀਆਂ ਵੱਖ ਵੱਖ ਇਨਸਾਨ ਪਸੰਦ ਜਥੇਬੰਦੀਆਂ ਨੇ ਕੁਲਜੀਤ ਢੀਂਗਰਾ ਤੇ ਹੋਏ ਇਸ ਹਮਲੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁੱਧ ਸਖਤ ਤੋ ਸਖਤ ਕਾਰਵਾਈ ਦੀ ਮੰਗ ਕੀਤੀ।