May 1, 2026
#ਦੇਸ਼ ਦੁਨੀਆਂ

ਸਈਦ ਖ਼ਿਲਾਫ਼ ਕੇਸ ਲਾਹੌਰ ਦੀ ਅਦਾਲਤ ’ਚ ਤਬਦੀਲ

ਲਾਹੌਰ – ਲਾਹੌਰ ਹਾਈ ਕੋਰਟ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਦੀ ਅਪੀਲ ’ਤੇ ਉਸ ਖ਼ਿਲਾਫ਼ ਦਰਜ ਦਹਿਸ਼ਤੀ ਫੰਡਿੰਗ ਸਬੰਧੀ ਕੇਸ ਨੂੰ ਗੁੱਜਰਾਂਵਾਲਾ ਜ਼ਿਲ੍ਹੇ ਦੀ ਅਤਿਵਾਦ ਵਿਰੋਧੀ ਅਦਾਲਤ ਤੋਂ ਲਾਹੌਰ ਦੀ ਸਬੰਧਤ ਕੋਰਟ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਈਦ ਨੇ ਅਦਾਲਤ ਵਿੱਚ ਦਾਇਰ ਅਪੀਲ ਵਿੱਚ ‘ਆਪਣੀ ਜਾਨ ਨੂੰ ਖ਼ਤਰਾ’ ਦੱਸਿਆ ਸੀ। ਸੰਯੁਕਤ ਰਾਸ਼ਟਰ ਵੱਲੋਂ ਆਲਮੀ ਦਹਿਸ਼ਤਗਰਦ ਮਨੋਨੀਤ ਕੀਤੇ ਜਾਣ ਮਗਰੋਂ ਸਈਦ ਨੂੰ 17 ਜੁਲਾਈ ਨੂੰ ਲਾਹੌਰ ਤੋਂ ਗੁੱਜਰਾਂਵਾਲਾ ਜਾਂਦਿਆਂ ਰਾਹ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਅਤਿਵਾਦ ਫੰਡਿੰਗ ਕੇਸ ’ਚ ਸਈਦ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ, ਨਾਇਬ ਆਮਿਰ ਅਬਦੁਲ ਰਹਿਮਾਨ ਮੱਕੀ ਸਮੇਤ ਜੇਯੂਡੀ ਦੇ 13 ਸਿਖਰਲੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਇਨ੍ਹਾਂ ਸਾਰਿਆਂ ਖ਼ਿਲਾਫ਼ ਅਤਿਵਾਦ ਵਿਰੋਧੀ ਐਕਟ 1997 ਤਹਿਤ ਦੋ ਦਰਜਨ ਦੇ ਕਰੀਬ ਕੇਸ ਦਰਜ ਹਨ। ਸਈਦ ਦੇ ਵਕੀਲ ਏ.ਕੇ.ਡੋਗਰ ਨੇ ਲਾਹੌਰ ਹਾਈ ਕੋਰਟ ਦੇ ਚੀਫ਼ ਜਸਟਿਸ ਸਰਦਾਰ ਸ਼ਮੀਮ ਅਹਿਮਦ ਨੂੰ ਦੱਸਿਆ ਕਿ ਉਹਦੇ ਮੁਵੱਕਿਲ ਨੂੰ ਲਾਹੌਰ ਦੀ ਕੋਟ ਲਖਪੱਤ ਜੇਲ੍ਹ ਵਿੱਚ ਰੱਖਿਆ ਗਿਆ ਹੈ ਤੇ ਸੁਣਵਾਈ ਮੌਕੇ ਇਥੋਂ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਲਿਜਾਇਆ ਜਾਂਦਾ ਹੈ, ਜੋ ਕਿਸੇ ਹਮਲੇ ਦੀ ਸਥਿਤੀ ਵਿੱਚ ਉਹਦੀ ਜਾਨ ਲਈ ਖ਼ਤਰਾ ਸਾਬਤ ਹੋ ਸਕਦਾ ਹੈ।