April 30, 2026
#ਪੰਜਾਬ #ਭਾਰਤੀ ਡਾਇਸਪੋਰਾ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ੍ਰੀ ਗੁਰੂ ਨਾਨਕ ਬਾਣੀ ਦੇ ਸਮਾਜਕ ਸਰੋਕਾਰ’ ਵਿਸ਼ੇ ’ਤੇ ਸੈਮੀਨਾਰ

ਗੁਰੂ ਸਾਹਿਬ ਦੇ ਸਿਧਾਂਤ ਨੂੰ ਅਪਣਾ ਕੇ ਸੱਚਾ ਪੈਰੋਕਾਰ ਬਣਨ ਦੀ ਲੋੜ : ਭਾਈ ਲੌਂਗੋਵਾਲ

ਨਾਭਾ – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਨਾਭਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਂਝੇ ਉਪਰਾਲੇ ਨਾਲ ‘ਸ੍ਰੀ ਗੁਰੂ ਨਾਨਕ ਬਾਣੀ ਦੇ ਸਮਾਜਕ ਸਰੋਕਾਰ‘ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਆਰੰਭਤਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਨਗਰ ਕੀਰਤਨ, ਗੁਰਮਤਿ ਸਮਾਗਮਾਂ ਦਾ ਮੰਤਵ ਗੁਰੂ ਸਾਹਿਬ ਦੇ ਵਿਲੱਖਣ ਫਲਸਫੇ ਦਾ ਪਸਾਰ ਕਰਕੇ ਸਿੱਖੀ ਦਾ ਨਿਆਰਾਪਣ ਕਾਇਮ ਰੱਖਣਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਅੱਜ ਗੁਰੂ ਸਾਹਿਬ ਦਾ ਸੱਚਾ ਪੈਰੋਕਾਰ ਬਣਨ ਦੀ ਲੋੜ ਹੈ, ਜਿਨਾਂ ਦਾ ਉਦੇਸ਼ ਅਤੇ ਆਦਰਸ਼ ਨੂੰ ਧਾਰਨ ਕਰਕੇ ਸਮਾਜ ਨੂੰ ਸਵਰਗਮਈ ਬਣਾਇਆ ਜਾ ਸਕਦਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਧਰਮ ਦਾ ਜੀਵਨ ਜਿਉਣ ਦਾ ਮਾਰਗ ਵਿਖਾਉਂਦੀ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬ ਦੇ ਸਿਧਾਂਤ, ਵਿਚਾਰਧਾਰਾ ਅਤੇ ਫਲਸਫੇ ਅਨੁਸਾਰ ਜੀਵਨ ਬਤੀਤ ਕਰਕੇ ਮਨੁੱਖ ਚੰਗੇ ਕਿਰਦਾਰ ਅਤੇ ਚੰਗੇ ਵਿਚਾਰਾਂ ਵਾਲੀ ਸਖਸ਼ੀਅਤ ਦਾ ਨਿਰਮਾਣ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਕਾਦਮਕ ਖੇਤਰ ‘ਚ ਗੁਰਮਤਿ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕਰ ਰਹੀ ਹੈ ਤਾਂ ਕਿ ਅਜੌਕੀ ਪੀੜੀ ਸਿੱਖ ਧਰਮ ਦੇ ਅਨਮੋਲ ਵਿਰਾਸਤ ਦੀ ਵਾਰਸ ਬਣੇ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਧੁਰ ਕੀ ਬਾਣੀ ‘ਓਅੰਕਾਰ‘ ਨਾਲ ਜੋੜਦੀ ਹੈ ਅਤੇ ਗੁਰੂ ਸਾਹਿਬ ਦੀ ਬਾਣੀ ਨੂੰ ਆਪਣੇ ਜੀਵਨ ‘ਚ ਧਾਰਨਕੇ ਮਨੁੱਖ ਸੁਚਿਆਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਇਕੋ ਇਕ ਅਜਿਹੇ ਰਹਿਬਰ ਸਨ, ਜਿਨਾਂ ਨੇ ਅਣਖ ਅਤੇ ਗੈਰਤ ਨਾਲ ਮਨੁੱਖ ਨੂੰ ਜੀਵਨ ਜਿਉਣ ਦੀ ਜੁਗਤ ਦੱਸੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਗੁਰੂ ਮਾਰਗ ਦਾ ਪਾਂਧੀ ਬਣਕੇ ਮਨੁੱਖ ਹਉਮੈ ਅਤੇ ਔਗੁਣਾਂ ਦਾ ਤਿਆਗ ਛੱਡ ਦੇਵੇ। ਸੈਮੀਨਾਰ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਦੀਪ ਕੌਰ ਖੋਖ, ਸਤਵਿੰਦਰ ਸਿੰਘ ਟੌਹੜਾ ਆਦਿ ਵੀ ਪੁੱਜੇ। ਇਸ ਮੌਕੇ ਡਾ. ਗੁਰਵੀਰ ਸਿੰਘ ਮਾਤਨ ਸਾਹਿਬ ਕੌਰ ਕਾਲਜ ਗਹਿਲਾਂ ਬਰਨਾਲਾ, ਪ੍ਰੋ. ਗੁਰਬਾਜ ਸਿੰਘ ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ, ਡਾ. ਹਰਮਨਪ੍ਰੀਤ ਸਿੰਘ ਪ੍ਰਿੰਸੀਪਲ ਐਸਜੀਐਸ ਸ੍ਰੀ ਆਨੰਦਪੁਰ ਸਾਹਿਬ, ਡਾ. ਨਸੀਰ ਅਖਤਰ ਮਾਲੇਰਕੋਟਲਾ, ਪੰਡਿਤ ਧਰਮਪਾਲ ਸ਼ਾਸਤਰੀ ਆਦਿ ਨੇ ਵਿਸ਼ੇ ਅਧਾਰਤ ਪਰਚੇ ਪੜ੍ਹੇ। ਇਸ ਮੌਕੇ ਬਾਬਾ ਅਜਾਪਾਲ ਸਿੰਘ ਸੇਵਾ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਮਾਸਟਰ ਅਜਮੇਰ ਸਿੰਘ, ਮੈਨੇਜਰ ਨਰਿੰਦਰ ਸਿੰਘ, ਕਰਨੈਲ ਸਿੰਘ ਨਾਭਾ, ਭਗਵੰਤ ਸਿੰਘ ਧੰਗੇੜਾ, ਹਰਮਿੰਦਰਪਾਲ ਸਿੰਘ, ਪ੍ਰਿੰਸੀਪਲ ਸੁਰਿੰਦਰ ਕੌਰ ਆਦਿ ਹਾਜ਼ਰ ਸਨ।