ਅਮਰੀਕੀ ਸਿੱਖ ਪੁਲੀਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਸਸਕਾਰ ਅੱਜ
ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲੀਸ ਅਫਸਰ ਸੰਦੀਪ ਸਿੰਘ ਧਾਲੀਵਾਲ, ਜਿਸ ਦੀ ਡਿਊਟੀ ਦੌਰਾਨ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਬੁੱਧਵਾਰ ਨੂੰ ਕੀਤੇ ਜਾਣ ਵਾਲੇ ਅੰਤਿਮ ਸੰਸਕਾਰ ਲਈ ਸਿੱਖ ਭਾਈਚਾਰੇ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਧਰ, ਇਸ ਮਰਹੂਮ ਸਿੱਖ ਅਫਸਰ ਦੇ ਪਰਿਵਾਰ ਲਈ ਛੇ ਲੱਖ ਅਮਰੀਕੀ ਡਾਲਰ ਇਕੱਠੇ ਹੋਏ ਹਨ ਅਤੇ ਇਹ ਰਕਮ ਉਸ ਦੇ ਤਿੰਨ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਖ਼ਰਚਿਆਂ ਲਈ ਮੱਦਦ ਵਜੋਂ ਦਿੱਤੀ ਗਈ ਹੈ। ਧਾਲੀਵਾਲ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਹਰਵਿੰਦਰ ਕੌਰ ਧਾਲੀਵਾਲ, ਦੋ ਧੀਆਂ ਅਤੇ ਇੱਕ ਪੁੱਤਰ ਹੈ। ਟੈਕਸਸ ਦਾ ਪਹਿਲਾ ਭਾਰਤੀ-ਅਮਰੀਕੀ ਪੁਲੀਸ ਅਫਸਰ ਧਾਲੀਵਾਲ (42) ਉਦੋਂ ਚਰਚਾ ਵਿੱਚ ਆਇਆ ਸੀ ਜਦੋਂ ਉਸ ਨੂੰ ਆਪਣੀ ਡਿਊਟੀ ਦੌਰਾਨ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਪ੍ਰਵਾਨਗੀ ਮਿਲ ਗਈ ਸੀ। ਹਿਊਸਟਨ ਦੇ ਉੱਤਰ-ਪੱਛਮ ਵਿੱਚ ਸ਼ੁੱਕਰਵਾਰ ਨੂੰ ਇੱਕ ਟ੍ਰੈਫਿਕ ਨਾਕੇ ’ਤੇ ਦਿਨ-ਦਿਹਾੜੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਧਾਲੀਵਾਲ ਦੀ ਯਾਦ ਵਿੱਚ ਸਿੱਖ ਨੈਸ਼ਨਲ ਸੈਂਟਰ ਵਲੋਂ ਸੋਮਵਾਰ ਨੂੰ ਰਖਵਾਏ ਗਏ ਅਖੰਡ ਪਾਠ ਦੇ ਭੋਗ ਬੁੱਧਵਾਰ ਨੂੰ ਪਾਏ ਜਾਣਗੇ।






