ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਪਤਨੀ ਏਸਥਰ ਤੇ ਮਾਈਕਲ ਕ੍ਰੈਮਰ ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ
ਨਵੀਂ ਦਿੱਲੀ – ਅਰਥ ਸ਼ਾਸਤਰ ਦੇ ਖੇਤਰ ਚ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਉਨ੍ਹਾਂ ਦੀ ਪਤਨੀ ਏਸਥਰ ਡਫਲੋ ਅਤੇ ਮਾਈਕਲ ਕ੍ਰੈਮਰ ਨੂੰ ‘ਵਿਸ਼ਵਵਿਆਪੀ ਗਰੀਬੀ ਖਤਮ ਕਰਨ ਦੇ ਪ੍ਰਯੋਗਾਂ’ ‘ਤੇ ਕੀਤੀ ਗਈ ਖੋਜ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਦੇ ਸਨਮਾਨਤ ਕੀਤਾ ਜਾਵੇਗਾ। ਅਭਿਜੀਤ ਬੈਨਰਜੀ, ਇੱਕ ਭਾਰਤੀ-ਅਮਰੀਕੀ ਨਾਗਰਿਕ ਹਨ। ਉਹ ਇਸ ਸਮੇਂ ਮੈਸਾਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ। ਉਹ ਤੇ ਉਨ੍ਹਾਂ ਦੀ ਪਤਨੀ ਡਫਾਲੋ ਅਬਦੁੱਲ ਲਤੀਫ ਜਮੀਲ ‘ਪਾਵਰਟੀ ਐਕਸ਼ਨ ਲੈਬ’ ਦੇ ਸਹਿ-ਸੰਸਥਾਪਕ ਵੀ ਹਨ। ਅਭਿਜੀਤ ਬੈਨਰਜੀ ਨੇ 1981 ਚ ਕੋਲਕਾਤਾ ਯੂਨੀਵਰਸਿਟੀ ਤੋਂ ਬੀਐਸਸੀ ਕੀਤੀ ਸੀ ਜਦੋਂਕਿ 1983 ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐਮਏ ਕੀਤੀ ਸੀ। ਫਿਰ ਉਨ੍ਹਾਂ ਨੇ 1988 ਚ ਹਾਰਵਰਡ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। ਦੱਸ ਦਈਏ ਕਿ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ। ਇਹ ਪੁਰਸਕਾਰ ਉਨ੍ਹਾਂ ਦੇ ਦੇਸ਼ ਦੇ ਕੱਟੜ ਦੁਸ਼ਮਣ ਇਰੀਟਰੀਆ ਨਾਲ ਟਕਰਾਅ ਸੁਲਝਾਉਣ ਲਈ ਦਿੱਤਾ ਗਿਆ। ਨੋਬਲ ਪੁਰਸਕਾਰ ਜੂਰੀ ਨੇ ਦੱਸਿਆ ਕਿ ਅਬੀ ਨੂੰ ਇਹ ਪੁਰਸਕਾਰ ਸ਼ਾਂਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਅਤੇ ਖਾਸ ਕਰਕੇ ਸਰਹੱਦੀ ਵਿਵਾਦਾਂ ਨੂੰ ਸੁਲਝਾਉਣ ਲਈ ਪਹਿਲਕਦਮੀ ਲਈ ਦਿੱਤਾ ਗਿਆ ਹੈ।






