April 29, 2026
#ਭਾਰਤ

ਅਨੰਤਨਾਗ ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ਚ 3 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਬੁੱਧਵਾਰ ਨੂੰ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਲਾਕੇ ਵਿਚ ਕੁਝ ਹੋਰ ਅੱਤਵਾਦੀਆਂ ਦੇ ਲੁੱਕੇ ਹੋਣ ਦਾ ਖਦਸ਼ਾ ਹੈ। ਸੁਰੱਖਿਆ ਫੋਰਸ ਵਲੋਂ ਸਰਚ ਆਪਰੇਸ਼ਨ ਜਾਰੀ ਹੈ। ਇੱਥੇ ਦੱਸ ਦੇਈਏ ਕਿ ਅੱਤਵਾਦੀਆਂ ਅਤੇ ਸੁਰੱਖਿਆ ਫੋਰਸ ਦੇ ਜਵਾਨਾਂ ਵਿਚਾਲੇ ਮੁਕਾਬਲਾ ਮੰਗਲਵਾਰ ਦੇਰ ਰਾਤ ਤੋਂ ਜਾਰੀ ਹੈ। ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੁਕਾਬਲਾ ਅਨੰਤਨਾਗ ਦੇ ਪਾਜਲਪੋਰਾ ਇਲਾਕੇ ਵਿਚ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸ਼ੋਪੀਆਂ ਜ਼ਿਲੇ ਵਿਚ ਇਕ ਸ਼ੱਕੀ ਪਾਕਿਸਤਾਨੀ ਨਾਗਰਿਕ ਸਮੇਤ ਦੋ ਅੱਤਵਾਦੀਆਂ ਨੇ ਸੇਬ ਲਿਆ ਰਹੇ ਰਾਜਸਥਾਨ ਦੇ ਇਕ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸੋਮਵਾਰ ਨੂੰ ਹੀ ਇਕ ਸੰਯੁਕਤ ਆਪਰੇਸ਼ਨ ‘ਚ ਗੰਦੇਰਬਲ ਇਲਾਕੇ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ।