ਸਰਕਾਰ ਫੈਡਰੇਸ਼ਨ ਨੂੰ ਹਦਾਇਤਾਂ ਨਹੀਂ ਕਰ ਸਕਦੀ: ਰਿਜਿਜੂ
ਨਵੀਂ ਦਿੱਲੀ – ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਸਪੱਸ਼ਟ ਕੀਤਾ ਕਿ ਸਰਕਾਰ ਚੋਣ ਸਬੰਧੀ ਮਾਮਲਿਆਂ ’ਚ ਦਖ਼ਲ ਨਹੀਂ ਦੇਵੇਗੀ ਪਰ ਉਨ੍ਹਾਂ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੂੰ ਪਾਰਦਰਸ਼ੀ ਹੋਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਨਿਖ਼ਤ ਜ਼ਰੀਨ ਤੇ ਐੱਮ.ਸੀ. ਮੇਰੀਕੌਮ ਮਾਮਲੇ ਨੂੰ ਵਧੀਆ ਢੰਗ ਨਾਲ ਨਿਪਟਾਏ। ਜ਼ਰੀਨ ਨੇ ਵੀਰਵਾਰ ਨੂੰ ਸ੍ਰੀ ਰਿਜਿਜੂ ਨੂੰ ਪੱਤਰ ਲਿਖ ਕੇ ਚੀਨ ’ਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਮੇਰੀਕੌਮ ਖ਼ਿਲਾਫ਼ ਟਰਾਇਲ ਮੁਕਾਬਲਾ ਕਰਵਾਉਣ ਦੀ ਮੰਗ ਕੀਤੀ ਸੀ। ਕੇਂਦਰੀ ਖੇਡ ਮੰਤਰੀ ਨੇ ਭਾਰਤੀ ਮਹਿਲਾ ਮੁੱਕੇਬਾਜ਼ੀ ਟੀਮ ਦੇ ਸਨਮਾਨ ਸਮਾਰੋਹ ਮੌਕੇ ਕਿਹਾ, ‘‘ਸਾਨੂੰ ਇਕ ਚੀਜ਼ ਸਮਝਣੀ ਹੋਵੇਗੀ, ਸਰਕਾਰ ਫੈਡਰੇਸ਼ਨਾਂ ਨੂੰ ਨਿਰਦੇਸ਼ ਨਹੀਂ ਦੇ ਸਕਦੀ ਜਾਂ ਫਿਰ ਚੋਣ ਪ੍ਰਕਿਰਿਆ ’ਚ ਸ਼ਾਮਲ ਨਹੀਂ ਹੋ ਸਕਦੀ। ਜੇਕਰ ਕਿਤੇ ਅਸਮਾਨਤਾ ਹੈ ਅਤੇ ਕੁਝ ਚੀਜ਼ਾਂ ਖੇਡ ਦੇ ਹਿੱਤਾਂ ਅਨੁਸਾਰ ਨਹੀਂ ਹਨ ਤਾਂ ਅਸੀਂ ਸਲਾਹ ਦਿੰਦੇ ਹਾਂ। ਓਲੰਪਿਕ ਚਾਰਟਰ ’ਚ ਸਪੱਸ਼ਟ ਹੈ ਕਿ ਸਰਕਾਰ ਨੂੰ ਫੈਡਰੇਸ਼ਨ ਦੇ ਕੰਮ ਕਰਨ ਦੀ ਤਰੀਕੇ ਤੇ ਪ੍ਰਸ਼ਾਸਨ ’ਚ ਦਖ਼ਲ ਨਹੀਂ ਦੇਣਾ ਚਾਹੀਦਾ। ਹਰ ਕਿਸੇ ਕੋਲ ਆਪਣੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਕੁਝ ਤਰੀਕ ਲੱਭਣ ਦੀ ਆਜ਼ਾਦੀ ਹੈ ਅਤੇ ਮੰਤਰੀ ਵਜੋਂ ਸਾਨੂੰ ਸਕਾਰਾਤਮਕ ਜਵਾਬ ਦੇਣਾ ਹੋਵੇਗਾ। ਇਸ ਵਾਸਤੇ ਮੈਂ ਫੈਡਰੇਸ਼ਨ ਤੋਂ ਪਾਰਦਰਸ਼ੀ ਹੋਣ ਅਤੇ ਦੇਸ਼ ਹਿੱਤ ’ਚ ਫ਼ੈਸਲਾ ਲੈਣ ਲਈ ਆਖਾਂਗਾ।






