April 29, 2026
#ਭਾਰਤ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਮੁਕੰਮਲ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਤੇ ਭਲਕੇ ਹੋਣ ਵਾਲੀਆਂ ਚੋਣਾਂ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚੋਣ ਕਮਿਸ਼ਨ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਪੋਲਿੰਗ ਪਾਰਟੀਆਂ ਨੂੰ ਮਸ਼ੀਨਾਂ ਦੇ ਕੇ ਰਵਾਨਾ ਕਰ ਦਿੱਤਾ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਵੀ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ’ਚ ਨੇਪਰੇ ਚਾੜ੍ਹਨ ਲਈ ਅਰਧ-ਸੈਨਿਕ ਬਲਾਂ ਦੀਆਂ 130 ਕੰਪਨੀਆਂ ਅਤੇ 75 ਹਜ਼ਾਰ ਜਵਾਨਾਂ ਨੂੰ ਤੈਨਾਤ ਕੀਤਾ ਹੈ ਜਿਨ੍ਹਾਂ ’ਚ 26,896 ਸੂਬਾ ਪੁਲੀਸ, 22806 ਹੋਮਗਾਰਡ, 7936 ਪੁਲੀਸ ਅਧਿਕਾਰੀ ਅਤੇ 6 ਹਜ਼ਾਰ ਤੋਂ ਵੱਧ ਪੁਲੀਸ ਟ੍ਰੇਨੀਜ਼ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਪੁਲੀਸ ਦੀ ਟੀਮਾਂ ਹਰਿਆਣਾ ਚੋਣਾਂ ਲਈ ਤੈਨਾਤ ਕਰ ਦਿੱਤੀਆਂ ਗਈਆਂ ਹਨ। ਪੁਲੀਸ ਵੱਲੋਂ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਨ ਬੂਥਾਂ ’ਤੇ ਸੁਰੱਖਿਆਂ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਪੁਲੀਸ ਵੱਲੋਂ ਸੂਬੇ ’ਚ ਨਾਕਾਬੰਦੀ ਵਧਾ ਦਿੱਤਾ ਹੈ ਅਤੇ ਬਾਹਰ ਤੋਂ ਆਉਣ ਵਾਲੇ ਹਰੇਕ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ।