ਸ਼ਾਕਿਬ ’ਤੇ ਦੋ ਸਾਲ ਦੀ ਪਾਬੰਦੀ
ਕੌਮਾਂਤਰੀ ਕ੍ਰਿਕਟ ਕੌਂਸਲ ਨੇ ਇੱਕ ਸ਼ੱਕੀ ਭਾਰਤੀ ਸੱਟੇਬਾਜ਼ ਵੱਲੋਂ ਆਈਪੀਐੱਲ ਸਣੇ ਤਿੰਨ ਵਾਰ ਪੇਸ਼ਕਸ਼ ਕਰਨ ਦੀ ਜਾਣਕਾਰੀ ਨਾ ਦੇਣ ਕਾਰਨ ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ’ਤੇ ਦੋ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਇਸ ਤਰ੍ਹਾਂ ਸਟਾਰ ਹਰਫ਼ਨਮੌਲਾ ਕ੍ਰਿਕਟਰ ਤਿੰਨ ਨਵੰਬਰ ਤੋਂ ਸ਼ੁਰੂ ਹੋ ਰਹੇ ਭਾਰਤ ਦੌਰੇ ’ਤੇ ਨਹੀਂ ਜਾ ਸਕੇਗਾ। ਸ਼ਾਕਿਬ ’ਤੇ ਪੂਰੇ ਇੱਕ ਸਾਲ ਦੀ ਪਾਬੰਦੀ ਰਹੇਗੀ, ਜਦੋਂਕਿ 12 ਮਹੀਨਿਆਂ ਦੀ ਮਿਆਦ ਮੁਅੱਤਲੀ ਦੀ ਸਜ਼ਾ ਹੈ, ਜੋ ਸ਼ਾਕਿਬ ’ਤੇ ਤਦ ਹੀ ਲਾਗੂ ਹੋਵੇਗੀ ਜੇਕਰ ਉਹ ਆਲਮੀ ਸੰਸਥਾ ਦੇ ਭ੍ਰਿਸ਼ਟਾਚਾਰ ਰੋਕੂ ਨਿਯਮ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦਾ ਹੈ। ਉਹ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਅਤੇ ਆਸਟਰੇਲੀਆ ਵਿੱਚ 18 ਅਕਤੂਬਰ ਤੋਂ 15 ਨਵੰਬਰ 2020 ਤੱਕ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਨਹੀਂ ਖੇਡ ਸਕੇਗਾ। ਆਈਸੀਸੀ ਦੇ ਨਿਰਦੇਸ਼ਾਂ ’ਤੇ ਉਸ ਨੂੰ ਟੀਮ ਦੇ ਅਭਿਆਸ ਤੋਂ ਵੀ ਦੂਰ ਰੱਖਿਆ ਗਿਆ। ਬੰਗਲਾਦੇਸ਼ ਨੇ ਆਪਣੇ ਦੌਰੇ ਦੌਰਾਨ ਭਾਰਤ ਖ਼ਿਲਾਫ਼ ਤਿੰਨ ਟੀ-20 ਅਤੇ ਦੋ ਟੈਸਟ ਮੈਚ ਖੇਡਣੇ ਹਨ।ਸ਼ਾਕਿਬ ਨੇ ਆਈਸੀਸੀ ਦੇ ਬਿਆਨ ਵਿੱਚ ਕਿਹਾ, ‘‘ਜਿਸ ਖੇਡ ਨਾਲ ਮੈਨੂੰ ਪਿਆਰ ਹੈ, ਉਸ ਤੋਂ ਮੁਅੱਤਲ ਕੀਤੇ ਜਾਣ ਤੋਂ ਮੈਂ ਕਾਫ਼ੀ ਦੁਖੀ ਹਾਂ ਪਰ ਮੈਂ ਆਪਣੀ ਸਜ਼ਾ ਕਬੂਲ ਕਰਦਾ ਹਾਂ। ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਵਿੱਚ ਖਿਡਾਰੀਆਂ ’ਤੇ ਕਾਫ਼ੀ ਨਿਰਭਰ ਹੈ। ਮੈਂ ਸੱਟੇਬਾਜ਼ ਦੀ ਪੇਸ਼ਕਸ਼ ਦੀ ਜਾਣਕਾਰੀ ਨਾ ਦੇ ਕੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।’’ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਜਨਵਰੀ ਅਤੇ ਅਗਸਤ ਵਿੱਚ ਸ਼ਾਕਿਬ ਨਾਲ ਗੱਲ ਕੀਤੀ ਸੀ। ਉਸ ਨੇ ਦੀਪਕ ਅਗਰਵਾਲ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਨ ਬਾਰੇ ਜਾਣਕਾਰੀ ਆਈਸੀਸੀ ਨੂੰ ਨਹੀਂ ਦਿੱਤੀ ਸੀ। ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਇਸ ਵਿਅਕਤੀ ਨੂੰ ਜਾਣਦੀ ਹੈ ਅਤੇ ਉਸ ’ਤੇ ਕ੍ਰਿਕਟ ਵਿੱਚ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਕਰਨ ਦਾ ਸ਼ੱਕ ਹੈ। ਆਈਸੀਸੀ ਨੇ ਕਿਹਾ ਕਿ ਅਗਰਵਾਲ ਨੇ ਤਿੰਨ ਵੱਖ-ਵੱਖ ਮੌਕਿਆਂ ’ਤੇ ਸ਼ਾਕਿਬ ਨੂੰ ਟੀਮ ਦੀ ਬਣਤਰ ਅਤੇ ਰਣਨੀਤੀ ਬਾਰੇ ਜਾਣਕਾਰੀ ਦੇਣ ਨੂੰ ਕਿਹਾ ਸੀ।






