April 24, 2026
#ਦੇਸ਼ ਦੁਨੀਆਂ

ਬਗਦਾਦੀ ਦੀ ਮੌਤ ISIS ਲਈ ਵੱਡਾ ਝਟਕਾ ਆਸਟ੍ਰੇਲੀਆ

ਆਈ. ਐੱਸ. ਆਈ. ਐੱਸ. ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦੀ ਮੌਤ ਨੂੰ ਆਈ. ਐੱਸ. ਆਈ. ਐੱਸ. ਲਈ ਵੱਡਾ ਝਟਕਾ ਕਰਾਰ ਦਿੰਦੇ ਹੋਏ ਆਸਟ੍ਰੇਲੀਆ ਸਰਕਾਰ ਨੇ ਖੁਸ਼ੀ ਪ੍ਰਗਟਾਈ। ਆਸਟ੍ਰੇਲੀਆ ਵਲੋਂ ਸੋਮਵਾਰ ਨੂੰ ਜਾਰੀ ਬਿਆਨ ‘ਚ ਕਿਹਾ ਗਿਆ ਕਿ ਬਗਦਾਦੀ ਯੌਨ ਸ਼ੋਸ਼ਣ ਅਤੇ ਮਨੁੱਖੀ ਤਸ਼ੱਦਦ ਵਰਗੇ ਅਪਰਾਧਾਂ ਦੇ ਹੁਕਮ ਦਿੰਦਾ ਸੀ। ਅਮਰੀਕੀ ਰਾਸ਼ਟਰਪਤੀ ਨੇ ਇਸ ਦਾ ਰਸਮੀ ਐਲਾਨ ਕੀਤਾ ਕਿ ਬਗਦਾਦੀ ਨੇ ਅਮਰੀਕੀ ਫੌਜ ਦੀ ਕਾਰਵਾਈ ਦੌਰਾਨ ਆਪਣੀ ਪਤਨੀ ਤੇ 3 ਬੱਚਿਆਂ ਸਣੇ ਆਤਮ-ਹੱਤਿਆ ਕਰ ਲਈ ਹੈ। ਟਰੰਪ ਨੇ ਭਾਸ਼ਣ ‘ਚ ਕਿਹਾ ਕਿ ਬਗਦਾਦੀ ਡਰਪੋਕ ਸੀ ਤੇ ਇਸੇ ਲਈ ਉਸ ਨੇ ਡਰਪੋਕਾਂ ਵਾਂਗ ਮਰਨ ਦਾ ਰਾਹ ਚੁਣਿਆ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਖਬਰ ਦਾ ਸਵਾਗਤ ਕੀਤਾ ਤੇ ਕਿਹਾ ਕਿ ਉਹ ਹਮੇਸ਼ਾ ਅੱਤਵਾਦ ਖਿਲਾਫ ਲੜਦੇ ਰਹਿਣਗੇ।ਆਸਟ੍ਰੇਲੀਆਈ ਵਿਦੇਸ਼ ਮੰਤਰੀ ਮੈਰਿਸ ਪਾਈਨ ਨੇ ਕਿਹਾ ਕਿ ਬਗਦਾਦੀ ਦੀ ਅਗਵਾਈ ‘ਚ ਅੱਤਵਾਦੀ ਗੁੱਟ ਨੇ ਇਰਾਕ ਅਤੇ ਸੀਰੀਆ ‘ਚ ਵੱਡੇ ਪੱਧਰ ‘ਤੇ ਤਬਾਹੀ ਮਚਾਈ। ਉਸ ਨੇ ਆਈ. ਐੱਸ. ਆਈ. ਐੱਸ. ਦੇ ਮੈਂਬਰਾਂ ਨੂੰ ਦੁਨੀਆ ਭਰ ‘ਚ ਬੇਕਸੂਰ ਲੋਕਾਂ ਖਿਲਾਫ ਕਾਇਰਤਾਪੂਰਣ ਹਮਲੇ ਕਰਨ ਲਈ ਹੁਕਮ ਦਿੱਤੇ। ਬੇਕਸੂਰ ਲੋਕਾਂ ‘ਚੋਂ ਕਈ ਆਸਟ੍ਰੇਲੀਆਈ ਸਨ।