ਪੱਦੀ ਸੂਰਾ ਸਿੰਘ ਵਿਖੇ ਪੁਲਿਸ ਦੀ ਹਾਜ਼ਰੀ ‘ਚ ਸ਼ਾਮਲਾਟ ਦੀ ਨਿਸ਼ਾਨਦੇਹੀ ਹੋਈ
ਗੜ੍ਹਸ਼ੰਕਰ – ਬਲਾਕ ਗੜਸ਼ੰਕਰ ਦੇ ਅਧੀਨ ਪੈਦੇ ਪਿੰਡ ਪੱਦੀ ਸੂਰਾ ਸਿੰਘ ਵਿਖੇ ਪਿੰਡ ਦੇ ਕੁਝ ਪਰਿਵਾਰਵਾਂ ਵਲੋਂ ਸ਼ਾਮਲਾਟ ਜ਼ਮੀਨ ‘ਤੇ ਕੀਤੇ ਕਥਿਤ ਕਬਜ਼ਿਆਂ ਦੇ ਸਬੰਧ ਵਿਚ ਅੱਜ ਮਾਲ ਮਹਿਕਮੇ ਦੇ ਅਧਿਕਾਰੀਆਂ ਵਲੋਂ ਪੁਲੀਸ ਦੀ ਹਾਜ਼ਰੀ ਵਿਚ ਉਕਤ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ। ਇਸ ਮੌਕੇ ਪਿੰਡ ਵਿਚ ਸ਼ਾਮਲਾਟ ‘ਤੇ ਕਾਬਜ਼ ਧਿਰ ਅਤੇ ਵਿਰੋਧੀ ਧਿਰ ਵਿਚਕਾਰ ਤਣਾਅ ਦੇਖਣ ਨੂੰ ਮਿਲਿਆ ਪਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ। ਚੇਤੇ ਰਹੇ ਕਿ ਪੱਦੀ ਸੂਰਾ ਸਿੰਘ ਵਿਖੇ ਸ਼ਾਮਲਾਟ ਜ਼ਮੀਨ ‘ਤੇ ਲੰਮੇਂ ਸਮੇਂ ਤੋਂ ਕਾਬਜ਼ ਧਿਰਾਂ ਦੇ ਵਿਰੁੱਧ ਪਿੰਡ ਦੇ ਲੋਕਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਦੋ ਵਾਰ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਰੋਸ ਧਰਨੇ ਵੀ ਕੀਤੇ ਗਏ ਸਨ। ਲੰਘੀ 21 ਅਕਤੂਬਰ ਨੂੰ ਦਿੱਤੇ ਧਰਨੇ ਦੌਰਾਨ ਤਹਿਸੀਲਦਾਰ ਧਰਮਿੰਦਰ ਸਿੰਘ ਨੇ ਉਕਤ ਸ਼ਾਮਲਾਟ ਦੀ ਤੁਰੰਤ ਨਿਸ਼ਾਨਦੇਹੀ ਕਰਵਾਉਣ ਦਾ ਭਰੋਸਾ ਦਿੱਤਾ ਸੀ ਜਿਸ ਤਹਿਤ ਅੱਜ ਤਹਿਸੀਲਦਾਰ ਦੀ ਅਗਵਾਈ ਹੇਠ ਸ਼ਾਮਲਾਟ ਜ਼ਮੀਨ ਦੀ ਮਿਣਤੀ ਕੀਤੀ ਗਈ। ਇਸ ਮੌਕੇ ਸ਼ਾਮਲਾਟ ਜ਼ਮੀਨ ‘ਤੇ ਕਾਬਜ਼ ਧਿਰ ਦੇ ਲੋਕਾਂ ਨੇ ਮਾਲ ਮਹਿਕਮੇ ਦੇ ਅਧਿਕਾਰੀਆਂ ਦਾ ਵਿਰੋਧ ਕੀਤਾ ਅਤੇ ਦੂਜੀ ਧਿਰ ‘ਤੇ ਪਿੰਡ ਵਿਚ ਗੜਬੜ ਫੈਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਲਗਭਗ 50 ਸਾਲ ਤੋਂ ਇਸ ਜ਼ਮੀਨ ‘ਤੇ ਕਾਬਜ਼ ਹਨ ਜਦ ਕਿ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤਹਿਸੀਲਦਾਰ ਧਰਮਿੰਦਰ ਸਿੰਘ ਨੇ ਕਿਹਾ ਕਿ ਵਿਭਾਗੀ ਆਦੇਸ਼ਾਂ ਅਨੁਸਾਰ ਨਿਸ਼ਾਨਦੇਹੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸ ਸਬੰਧੀ ਜਲਦ ਹੀ ਰਿਪੋਰਟ ਜਾਰੀ ਕਰ ਦਿੱਤੀ ਜਾਵੇਗੀ। ਇਸ ਬਾਰੇ ਸਾਬਕਾ ਸਰਪੰਚ ਮਲਕੀਤ ਰਾਮ ਅਤੇ ਇਕਬਾਲ ਸਿੰਘ ਹੈਪੀ ਨੇ ਕਿਹਾ ਕਿ ਸ਼ਾਮਲਾਟ ਜ਼ਮੀਨ ‘ਤੇ ਨਜਾਇਜ਼ ਕਬਜ਼ਿਆਂ ਨੂੰ ਚੁਕਾਉਣ ਦੇ ਉਦੇਸ਼ ਨਾਲ ਲੰਮੇ ਸਮੇਂ ਤੋਂ ਨਿਸ਼ਾਨਦੇਹੀ ਕਰਵਾਉਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਅਤੇ ਉਹ ਉਮੀਦ ਕਰਦੇ ਹਨ ਕਿ ਇਹ ਨਜਾਇਜ਼ ਕਬਜ਼ੇ ਹਰ ਹਾਲਤ ਵਿਚ ਉਠਾਏ ਜਾਣਗੇ ਇਸ ਮੋਕੇ ਤੇ ਭਾਰੀ ਗਿਣਤੀ ਵਿੱਚ ਦੋਨਾ ਧਿਰਾ ਤੋ ਪਿੰਡ ਵਾਸੀ ਹਾਜ਼ਰ ਸਨ।






