ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ
ਕੋਲਿਨ ਡੀ ਗਰੈਂਡਹੋਮ ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਤੀਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਇੱਥੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਹਾਸਲ ਕਰ ਲਈ।ਨਿਊਜ਼ੀਲੈਂਡ ਦੇ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 15 ਓਵਰਾਂ ਵਿੱਚ ਦੋ ਵਿਕਟਾਂ ’ਤੇ 139 ਦੌੜਾਂ ਬਣਾ ਕੇ ਚੰਗੀ ਸਥਿਤੀ ਵਿੱਚ ਸੀ। ਤੇਜ਼ ਗੇਂਦਬਾਜ਼ਾਂ ਲੌਕੀ ਫਰਗੂਸਨ ਅਤੇ ਬਲੇਅਰ ਟਿਕਨਰ (ਦੋ-ਦੋ ਵਿਕਟਾਂ) ਦੀ ਬਦੌਲਤ ਉਹ ਸੱਤ ਵਿਕਟਾਂ ’ਤੇ 166 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਨੇ 55 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਜੇਮਜ਼ ਵਿੰਸ (49 ਦੌੜਾਂ) ਨਾਲ ਦੂਜੀ ਵਿਕਟ ਲਈ 63 ਦੌੜਾਂ ਦੀ ਭਾਈਵਾਲੀ ਵੀ ਕੀਤੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਨਿਊਜ਼ੀਲੈਂਡ ਨੇ ਗਰੈਂਡਹੋਮ (35 ਗੇਂਦਾਂ ਵਿੱਚ 55 ਦੌੜਾਂ) ਦੇ ਨੀਮ ਸੈਂਕੜੇ ਦੀ ਬਦੌਲਤ ਸੱਤ ਵਿਕਟਾਂ ’ਤੇ 180 ਦੌੜਾਂ ਬਣਾਈਆਂ। ਗਰੈਂਡਹੋਮ ਨੇ ਰੋਸ ਟੇਲਰ (24 ਗੇਂਦਾਂ ਵਿੱਚ 24 ਦੌੜਾਂ) ਨਾਲ ਚੌਥੀ ਵਿਕਟ ਲਈ 66 ਦੌੜਾਂ ਦੀ ਭਾਈਵਾਲੀ ਕੀਤੀ।ਇੰਗਲੈਂਡ ਨੇ ਫੀਲਡਿੰਗ ਵਿੱਚ ਪਹਿਲੇ ਦੋ ਮੈਚਾਂ ਦੇ ਮੁਕਾਬਲੇ ਬਿਹਤਰੀਨ ਪ੍ਰਦਰਸ਼ਨ ਕੀਤਾ, ਪਰ ਗੇਂਦਬਾਜ਼ੀ ਵਿੱਚ ਅਨੁਸ਼ਾਸਨ ਦੀ ਘਾਟ ਦਿਸੀ। ਟੀਮ ਨੇ ਅੱਠ ਵਾਈਡ ਅਤੇ ਦੋ ਨੋ-ਬਾਲ ਗੇਂਦਾਂ ਸੁੱਟੀਆਂ।






