April 24, 2026
#ਭਾਰਤ

ਸੰਘ ਦਾ ਮੁਖੌਟਾ ਬਣ ਕੇ ਕੰਮ ਨਹੀਂ ਕਰ ਸਕਦਾ : ਪੁਜਾਰੀ ਅਚਾਰੀਆ ਸਤੇਂਦਰ ਦਾਸ

ਨਵੀਂ ਦਿੱਲੀ – ਅਯੁੱਧਿਆ ਵਿੱਚ 6 ਦਸੰਬਰ 1992 ਨੂੰ ਝਗੜੇ ਵਾਲਾ ਢਾਂਚਾ ਢਾਹੇ ਜਾਣ ਤੋਂ ਬਾਅਦ ਪਿਛਲੇ 27 ਸਾਲਾਂ ਤੋਂ ਰਾਮ ਲੱਲਾ ਦੀ ਆਰਤੀ ਉਤਾਰਨ ਵਾਲੇ, ਭੋਗ ਲਗਾਉਣ ਵਾਲੇ ਅਤੇ ਪੂਜਾ-ਪਾਠ ਕਰਨ ਵਾਲੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ 82 ਸਾਲ ਦੇ ਹੋ ਗਏ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੂਜਾ ਸਫਲ ਹੋਈ ਹੈ ਅਤੇ ਹੁਣ ਰਾਮ ਲੱਲਾ ਦਾ ਸ਼ਾਨਦਾਰ ਮੰਦਿਰ ਬਣਾਉਣ ਲਈ ਸੁਪਰੀਮ ਕੋਰਟ ਨੇ ਮੋਹਰ ਲਗਾ ਦਿੱਤੀ ਹੈ| ਛੇਤੀ ਹੀ ਉੱਥੇ ਮੰਦਰ ਦੀ ਉਸਾਰੀ ਹੋਣ ਲੱਗੇਗੀ ਪਰ ਅਚਾਰੀਆ ਨੂੰ ਇਹ ਭਰੋਸਾ ਨਹੀਂ ਹੈ ਕਿ ਅੱਗੇ ਵੀ ਉਹ ਨਵੇਂ ਮੰਦਰ ਦੇ ਪੁਜਾਰੀ ਬਣੇ ਰਹਿਣਗੇ|ਮੰਦਰ ਦੀ ਪੂਜਾ ਵਿਵਸਥਾ ਵਿੱਚ ਖਾਮੀਆਂ ਵੱਲ ਇਸ਼ਾਰਾ ਕਰਦੇ ਹੋਏ ਸਤੇਂਦਰ ਦਾਸ ਆਖਦੇ ਹਨ ਕਿ ਮੈਂ ਦਰਜਨਾਂ ਵਾਰ ਵਿਵਸਥਾ ਵਿੱਚ ਸੁਧਾਰ ਦੀ ਮੰਗ ਕੀਤੀ ਹੈ| ਮੁਲਾਜ਼ਮਾਂ-ਪੁਜਾਰੀਆਂ ਦਾ ਮਿਹਨਤਾਨਾ ਵਧਾਉਣ ਦੀ ਮੰਗ ਕਰ ਚੁੱਕਿਆ ਹਾਂ| ਭਾਵੇਂ ਪਿਛਲੇ ਵਰ੍ਹਿਆਂ ਵਿੱਚ ਇਜਾਫਾ ਕੀਤਾ ਗਿਆ ਹੈ| ਇਸ ਸਾਲ ਆਨਰੇਰੀ ਤਨਖਾਹ ਦੀ ਰਕਮ ਵਧਾ ਕੇ 13 ਹਜ਼ਾਰ ਕਰ ਦਿੱਤੀ ਗਈ ਹੈ| ਮੇਰੇ ਨਾਲ ਦੇ 4 ਸਹਾਇਕ ਪੁਜਾਰੀਆਂ ਅਤੇ 4 ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਵਧਾਈਆਂ ਗਈਆਂ ਹਨ|ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਆਪਣੇ ਰਿਸ਼ਤਿਆਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਮੇਰਾ ਰਿਸ਼ਤਾ ਉਨ੍ਹਾਂ ਲੋਕਾਂ ਨਾਲ ਸੁਰੀਲਾ ਨਹੀਂ ਰਿਹਾ| ਇਹ ਦੀ ਵਜ੍ਹਾ ਇਹ ਸੀ ਕਿ ਮੈਂ ਉਹੋ ਕਰਦਾ ਅਤੇ ਕਹਿੰਦਾ ਸੀ, ਜਿਸ ਵਿੱਚ ਸੱਚਾਈ ਰਹੇ| ਇਹ ਗੱਲ ਇਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਸੀ| ਸੰਘ ਵਾਲੇ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦਾ ਮੁਖੌਟਾ ਬਣ ਕੇ ਕੰਮ ਕਰਾਂ ਪਰ ਮੈਂ ਕਦੇ ਸਮਝੌਤਾ ਨਹੀਂ ਕੀਤਾ| ਮੇਰੇ ਵਿਰੋਧੀ ਬਹੁਤ ਹਨ| ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੋਕਾਂ ਨੇ ਤਾਂ ਮੈਨੂੰ ਹਟਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਰਿਸੀਵਰ ਅਤੇ ਕਮਿਸ਼ਨਰ ਨੇ ਲਾਚਾਰੀ ਵਿਖਾਈ|