April 24, 2026
#ਦੇਸ਼ ਦੁਨੀਆਂ

ਰਾਜਪਕਸਾ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਕੋਲੰਬੋ – ਗੋਟਬਾਯਾ ਰਾਜਪਕਸਾ ਨੇ ਅੱਜ ਇੱਥੋਂ ਕਰੀਬ 200 ਕਿਲੋਮੀਟਰ ਦੂਰ ਇਕ ਪੁਰਾਣੇ ਬੁੱਧ ਮੰਦਰ ਵਿੱਚ ਸ੍ਰੀਲੰਕਾ ਦੇ ਸੱਤਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਲਈ ਇਸ ਥਾਂ ਦੀ ਚੋਣ ਇਸ ਵਾਸਤੇ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਸਭ ਤੋਂ ਵੱਧ ਸਮਰਥਨ ਸਿੰਹਾਲੀਆਂ ਤੋਂ ਮਿਲਿਆ ਹੈ। ਸ੍ਰੀ ਰਾਜਪਕਸਾ ਨੇ ਬੁੱਧ ਧਰਮ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਸਾਰੇ ਫਿਰਕਿਆਂ ਦੀ ਰੱਖਿਆ ਦੀ ਸਹੁੰ ਚੁੱਕੀ ਸੀ।ਇਹ ਸਹੁੰ ਚੁੱਕ ਸਮਾਗਮ ਰੂਵਾਨਵੈਲੀ ਸੇਯਾ ਵਿੱਚ ਹੋਈ। ਇਹ ਇਕ ਸਤੂਪ ਹੈ ਅਤੇ ਅੱਧੇ ਗੋਲੇ ਵਰਗਾ ਢਾਂਚਾ ਹੈ ਜੋ ਦੁਨੀਆਂ ਭਰ ਦੇ ਬੁੱਧ ਧਰਮ ਦੇ ਲੋਕਾਂ ਲਈ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਸਥਾਨ ਕੌਮੀ ਰਾਜਧਾਨੀ ਕੋਲੰਬੋ ਤੋਂ ਕਰੀਬ 200 ਕਿਲੋਮੀਟਰ ਦੂਰ ਅਨੁਰਾਧਾਪੁਰ ਵਿੱਚ ਸਥਿਤ ਹੈ। ਕੋਲੰਬੋ ਤੋਂ ਬਾਹਰ ਸਹੁੰ ਚੁੱਕਣ ਵਾਲੇ ਸ੍ਰੀ ਰਾਜਪਕਸਾ ਪਹਿਲੇ ਰਾਸ਼ਟਰਪਤੀ ਹਨ।ਸਫੈਦ ਰੰਗ ਦੇ ਕੱਪੜੇ ਪਹਿਨੇ ਹੋਏ ਸ੍ਰੀ ਰਾਜਪਕਸਾ (70) ਨੇ ਰਾਸ਼ਟਰਪਤੀ ਦੇ ਸਕੱਤਰ ਉਦੈ ਆਰ ਸੈਨਵੀਰਤਨੇ ਤੋਂ ਸਹੁੰ ਚੁੱਕਣ ਤੋਂ ਬਾਅਦ ਚੀਫ਼ ਜਸਟਿਸ ਜੈਯੰਤ ਜੈਸੂਰਿਆ ਦੀ ਹਾਜ਼ਰੀ ਵਿੱਚ ਸਵੇਰੇ 11.49 ਵਜੇ ਸਰਕਾਰੀ ਦਸਤਾਵੇਜ਼ ’ਤੇ ਹਸਤਾਖ਼ਰ ਕੀਤੇ। ਇਸ ਦੌਰਾਨ ਉਨ੍ਹਾਂ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਾਉਣ ਲਈ ਦੇਸ਼ ਦੇ ਤਾਕਤਵਰ ਬੌਧ ਗੁਰੂਆਂ ਤੇ ਸਿੰਹਾਲੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਮੈਂ ਜਾਣਦਾ ਹਾਂ ਕਿ ਮੈਂ ਰਾਸ਼ਟਰਪਤੀ ਦੀ ਚੋਣ ਸਿੰਹਾਲੀਆਂ ਦੇ ਸਮਰਥਨ ਨਾਲ ਹੀ ਜਿੱਤਿਆ ਹਾਂ। ਮੈਂ ਘੱਟ ਗਿਣਤੀਆਂ ਨੂੰ ਨਾਲ ਆਉਣ ਲਈ ਕਿਹਾ ਸੀ ਫਿਰ ਵੀ ਮੈਨੂੰ ਉਨ੍ਹਾਂ ਦਾ ਸਮਰਥਨ ਨਹੀਂ ਮਿਲਿਆ ਪਰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਹਰੇਕ ਲਈ ਰਾਸ਼ਟਰਪਤੀ ਹੋਵਾਂਗਾ।’’ਸ੍ਰੀ ਰਾਜਪਕਸਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸਾਰੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਰੱਖਣਾ ਚਾਹੁੰਦਾ ਹੈ ਅਤੇ ਕੌਮਾਂਤਰੀ ਸ਼ਕਤੀਆਂ ਦੇ ਆਪਸੀ ਸੰਘਰਸ਼ ਤੋਂ ਦੂਰ ਰਹਿਣਾ ਚਾਹੁੰਦਾ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਦੇ ਟੀਚੇ ਨੂੰ ਸਮਰਥਨ ਦੇਣ ਅਤੇ ਸ੍ਰੀਲੰਕਾ ਨੂੰ ਸਥਿਰ ਵਿਕਾਸ ’ਚ ਦੁਨੀਆਂ ਦੇ ਮੋਹਰੀ ਦੇਸ਼ਾਂ ’ਚ ਲੈ ਕੇ ਆਉਣ ਦਾ ਸੰਕਲਪ ਲਿਆ।