April 24, 2026
#ਖੇਡਾਂ

2020 ਦੇ ਆਈ ਪੀ. ਐਲ ਵਿੱਚ ਨਹੀਂ ਖੇਡਣਗੇ ਯੁਵਰਾਜ ਸਿੰਘ

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੀ ਦਸੰਬਰ ਵਿੱਚ ਖਿਡਾਰੀਆਂ ਦੀ ਨੀਲਾਮੀ ਹੋਣ ਤੋਂ ਪਹਿਲਾਂ ਹੀ ਮੁੰਬਈ ਨੇ ਆਪਣੇ ਖਿਡਾਰੀ ਯੁਵਰਾਜ ਸਿੰਘ ਨੂੰ ਰਿਲੀਜ਼ ਕਰ ਦਿੱਤਾ ਹੈ| ਆਈ. ਪੀ. ਐਲ. 2019 ਦੀ ਨੀਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ ਯੁਵਰਾਜ ਸਿੰਘ ਨੂੰ 1 ਕਰੋੜ ਦੇ ਬੇਸ ਪ੍ਰਾਈਸ ਤੇ ਖਰੀਦਿਆ ਸੀ ਪਰ 4 ਮੈਚ ਦੇਣ ਦੇ ਬਾਅਦ ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ| ਹੁਣ ਮੁੰਬਈ ਤੋਂ ਬਾਹਰ ਹੋਣ ਤੇ ਉਨ੍ਹਾਂ ਦੇ ਅਗਲੇ ਸਾਲ ਆਈ. ਪੀ. ਐਲ. ਖੇਡਣ ਤੇ ਸਵਾਲ ਖੜ੍ਹੇ ਹੋ ਗਏ ਸਨ| ਹੁਣ ਇਸ ਦਾ ਜਵਾਬ ਸਾਹਮਣੇ ਆ ਗਿਆ ਹੈ ਕਿ ਯੁਵਰਾਜ ਸਿੰਘ ਆਈ. ਪੀ. ਐਲ. 2020 ਨਹੀਂ ਖੇਡ ਸਕਣਗੇ| ਇਸ ਦਾ ਕਾਰਨ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਿਯਮ ਕਹਿੰਦੇ ਹਨ- ਭਾਰਤੀ ਕ੍ਰਿਕਟਰ ਵਿਦੇਸ਼ੀ ਲੀਗ ਵਿੱਚ ਉਦੋਂ ਹੀ ਹਿੱਸਾ ਲੈ ਸਕਦਾ ਹੈ, ਜਦੋਂ ਉਹ ਨੋ ਆਬਜੈਕਸ਼ਨ ਸਰਟੀਫਿਕੇਟ (ਐਨ. ਓ. ਸੀ.) ਪ੍ਰਾਪਤ ਕਰ ਲੈਂਦਾ ਹੈ| ਅਜਿਹੀ ਐਨ. ਓ. ਸੀ. ਲੈਣ ਲਈ ਭਾਰਤੀ ਕ੍ਰਿਕਟਰ ਨੂੰ ਸਾਰੇ ਭਾਰਤੀ ਫਾਰਮੈਟਸ ਤੋਂ ਸੰਨਿਆਸ ਲੈਣਾ ਹੁੰਦਾ ਹੈ| ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਜੂਨ ਵਿੱਚ ਸੰਨਿਆਸ ਲੈ ਕੇ ਇਹ ਐਨ. ਓ. ਸੀ. ਹਾਸਲ ਕੀਤੀ ਸੀ| ਇਸ ਤੋਂ ਬਾਅਦ ਉਹ ਕੈਨੇਡਾ ਟੀ-20 ਲੀਗ ਵਿੱਚ ਖੇਡੇ| ਪਰ ਇਸੇ ਐਨ. ਓ. ਸੀ. ਦੀ ਇਕ ਸ਼ਰਤ ਇਹ ਵੀ ਹੈ ਕਿ ਬੀ. ਸੀ. ਸੀ. ਆਈ. ਦਾ ਜੋ ਕ੍ਰਿਕਟਰ ਸੰਨਿਆਸ ਲਵੇਗਾ ਉਹ ਨਿਯਮ ਦੇ ਮੁਤਾਬਕ ਆਈ. ਪੀ. ਐਲ. ਤੋਂ ਵੀ ਸੰਨਿਆਸ ਲੈ ਲਵੇਗਾ| ਪਰ ਇਸ ਤੇ ਕਿਸੇ ਦਾ ਧਿਆਨ ਨਹੀਂ ਗਿਆ| ਹੁਣ ਇਹੋ ਨਿਯਮ ਯੁਵਰਾਜ ਦੀ ਆਈ. ਪੀ. ਐਲ. ਵਿੱਚ ਵਾਪਸੀ ਦੀ ਰਾਹ ਵਿੱਚ ਰੋੜਾ ਬਣ ਗਿਆ ਹੈ|