April 24, 2026
#ਦੇਸ਼ ਦੁਨੀਆਂ

ਬ੍ਰੈਗਜ਼ਿਟ ਤੇ ਐੱਨਐਚਐੱਸ ’ਤੇ ਕੇਂਦਰਤ ਰਹੀ ਜੌਹਨਸਨ-ਕੌਰਬਿਨ ਦੀ ਬਹਿਸ

ਮੈਨਚੈਸਟਰ – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਲੇਬਰ ਆਗੂ ਜੈਰੇਮੀ ਕੌਰਬਿਨ ਵਿਚਾਲੇ ਚੋਣਾਂ ਤੋਂ ਪਹਿਲਾਂ ਅੱਜ ਟੀਵੀ ’ਤੇ ਆਹਮੋ-ਸਾਹਮਣੇ ਤਿੱਖੀ ਬਹਿਸ ਹੋਈ। ਬਹਿਸ ਮੁੱਖ ਤੌਰ ’ਤੇ ਬ੍ਰੈਗਜ਼ਿਟ ਤੇ ਸਿਹਤ ਢਾਂਚੇ ’ਤੇ ਹੀ ਕੇਂਦਰਤ ਰਹੀ। ਪ੍ਰਾਈਮ ਟਾਈਮ ’ਤੇ ਮੈਨਚੈਸਟਰ ਵਿਚ ਹੋਈ ਇਸ ਬਹਿਸ ਦਾ ਆਈਟੀਵੀ ਉੱਤੇ ਪ੍ਰਸਾਰਨ ਕੀਤਾ ਗਿਆ। ਇਸ ਨਾਲ ਦੋਵਾਂ ਧਿਰਾਂ ਨੂੰ ਚੋਣ ਮੁਹਿੰਮ ’ਚ ਚਮਕਣ ਦਾ ਮੌਕਾ ਮਿਲਿਆ ਕਿਉਂਕਿ ਹਾਲੇ ਤੱਕ ਜ਼ਿਆਦਾਤਰ ਮੁਹਿੰਮ ਫਿੱਕੀ ਹੀ ਰਹੀ ਹੈ। ਸੱਤਾਧਾਰੀ ਕੰਜ਼ਰਵੇਟਿਵ ਧਿਰ ਦੇ ਜੌਹਨਸਨ ਇਸ ਦੌਰਾਨ ਮੁਲਕ ਨੂੰ ਯੂਰੋਪੀਅਨ ਯੂਨੀਅਨ ਵਿਚੋਂ ਬਾਹਰ ਕੱਢਣ ਤੇ ‘ਬ੍ਰੈਗਜ਼ਿਟ’ ਨੂੰ ਸਿਰੇ ਚੜ੍ਹਾਉਣ ’ਤੇ ਅੜੇ ਰਹੇ। ਉਨ੍ਹਾਂ 2021 ਤੱਕ ਯੂਰੋਪ ਨਾਲ ਭਵਿੱਖੀ ਵਪਾਰਕ ਰਿਸ਼ਤਿਆਂ ਸਬੰਧੀ ਰਣਨੀਤੀ ਨੂੰ ਵੀ ਸਿਰੇ ਚੜ੍ਹਾਉਣ ਦੀ ਗੱਲ ਕੀਤੀ। ਘੰਟਾ ਭਰ ਚੱਲੀ ਬਹਿਸ ਦੌਰਾਨ ਦਿਲਚਸਪ ਮੋੜ ਉਸ ਵੇਲੇ ਆਇਆ ਜਦ ਕੌਰਬਿਨ ਨੇ ਕਿਹਾ ਕਿ ਜੌਹਨਸਨ ਵੱਲੋਂ ਤੈਅ ਸਮਾਂ-ਸੀਮਾ ਅਮਲੀ ਤੌਰ ’ਤੇ ਲਾਗੂ ਕਰਨੀ ਸੰਭਵ ਨਹੀਂ। ਲੇਬਰ ਆਗੂ ਨੇ ਕਿਹਾ ਕਿ ਜੌਹਨਸਨ ਬਰਤਾਨੀਆ ਦੀ ਸਰਬ-ਪ੍ਰਵਾਨਿਤ ਨੈਸ਼ਨਲ ਹੈਲਥ ਸਰਵਿਸ (ਐੱਨਐਚਐੱਸ) ਨੂੰ ਅਮਰੀਕਾ ਨਾਲ ਹੋਣ ਵਾਲੇ ਇਕ ਸੌਦੇ ’ਚ ‘ਵੇਚਣ’ ਲਈ ਕਾਹਲੇ ਹਨ।