April 24, 2026
#ਖੇਡਾਂ

ਡੇਵਿਡ ਵਾਰਨਰ ਨੇ ਪਾਕਿਸਤਾਨ ਖਿਲਾਫ ਲਾਇਆ ਆਪਣੇ ਟੈਸਟ ਕਰੀਅਰ ਦਾ 22ਵਾਂ ਸੈਂਕੜਾ

ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ‘ਚ ਆਸਟਰੇਲੀਆ ਕਾਫ਼ੀ ਮਜ਼ਬੂਤ ਸਥਿਤੀ ‘ਚ ਆ ਗਿਆ ਹੈ। ਪਹਿਲੇ ਦਿਨ ਪਾਕਿਸਤਾਨ ਦੀ ਪਹਿਲੀ ਪਾਰੀ ਸਿਰਫ਼ 240 ਦੌੜਾਂ ‘ਤੇ ਢੇਰ ਹੋ ਗਈ ਸੀ। ਅੱਜ ਦੂਜੇ ਦਿਨ ਆਪਣੀ ਪਹਿਲੀ ਪਾਰੀ ਖੇਡਣ ਉਤਰੀ ਆਸਟਰੇਲੀਆਈ ਟੀਮ ਨੇ ਪਾਕਿਸਤਾਨ ਦੇ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਾਈ। ਪਾਕਿਸਤਾਨ ਨੂੰ ਪਹਿਲੀ ਪਾਰੀ ‘ਚ 240 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਧਮਾਕੇਦਾਰ ਪਾਰੀ ਖੇਡ ਆਪਣੇ ਟੈਸਟ ਕਰੀਅਰ ਦਾ 22ਵਾਂ ਸੈਂਕੜਾ ਲਾ ਦਿੱਤਾ।ਪਾਕਿਸਤਾਨ ਖਿਲਾਫ ਇਸ ਮੁਕਾਬਲੇ ਦੌਰਾਨ ਡੇਵਿਡ ਵਾਰਨਰ ਨੇ 180 ਗੇਂਦਾਂ ‘ਚ 7 ਚੌਕੇ ਦੀ ਮਦਦ ਨਾਲ ਆਪਣਾ 22ਵਾਂ ਟੈਸਟ ਸੈਂਕੜਾ ਪੂਰਾ ਕੀਤਾ, ਜੋ ਉਨ੍ਹਾਂ ਦੇ ਬੱਲੇ ਚੋਂ ਦੋ ਸਾਲ ਬਾਅਦ ਨਿਕਲਿਆ ਹੈ। ਉਥੇ ਹੀ ਜੋ ਬਰਨਸ ਆਪਣੇ 5ਵੇਂ ਸੈਂਕੜੇ ਤੋਂ ਖੁੰਝ ਗਿਆ। ਬਰਨਸ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਇਆ। ਯਾਸਿਰ ਸ਼ਾਹ ਨੇ ਆਸਟਰੀਲਆ ਨੂੰ ਬਰਨਸ ਦੇ ਰੂਪ ‘ਚ ਪਹਿਲਾ ਝਟਕਾ ਦਿੱਤਾ। ਵਾਰਨਰ ਅਤੇ ਬਰਨਸ ਵਿਚਾਲੇ ਪਹਿਲੀ ਵਿਕਟ ਲਈ 222 ਦੌੜਾਂ ਦੀ ਸਾਂਝੇਦਾਰੀ ਹੋਈ।ਵਾਰਨਰ ਨੇ ਇਸ ਤੋਂ ਪਹਿਲਾਂ 26 ਦਸੰਬਰ 2017 ਨੂੰ ਇੰਗਲੈਂਡ ਖਿਲਾਫ ਮੈਲਬਰਨ ‘ਚ ਸੈਂਕੜਾ ਲਾਇਆ ਸੀ ਅਤੇ 103 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਬੱਲਾ ਖਾਮੋਸ਼ ਰਿਹਾ ਅਤੇ ਮਾਰਚ 2018 ‘ਚ ਦੱ. ਅਫਰੀਕਾ ਖਿਲਾਫ ਟੈਸਟ ਮੈਚ ‘ਚ ਬਾਲ ਟੈਂਪਰਿੰਗ ਮਾਮਲੇ ‘ਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਉਨ੍ਹਾਂ ‘ਤੇ ਇਕ ਸਾਲ ਦਾ ਬੈਨ ਲੱਗਾ ਦਿੱਤਾ ਗਿਆ।