ਕੋਹਲੀ ਨੇ ਪੌਂਟਿੰਗ ਦੇ ਰਿਕਾਰਡ ਦੀ ਬਰਾਬਰੀ ਕੀਤੀ਼
ਕੋਲਕਾਤਾ – ਕ੍ਰਿਕਟ ’ਚ ਬੱਲੇਬਾਜ਼ੀ ਦੇ ਰਿਕਾਰਡਾਂ ਦੀ ਮਿਸਾਲ ਬਣਦੇ ਜਾ ਰਹੇ ਵਿਰਾਟ ਕੋਹਲੀ ਨੇ ਬੰਗਲਾਦੇਸ਼ ਖ਼ਿਲਾਫ਼ ਅੱਜ ਇੱਥੇ ਦੂਜੀ ਪਾਰੀ ’ਚ ਸੈਂਕੜਾ ਬਣਾ ਕੇ ਕਪਤਾਨ ਦੇ ਰੂਪ ਵਿਚ ਕੌਮਾਂਤਰੀ ਕ੍ਰਿਕਟ ਦੇ ਸਾਰੇ ਰੂਪਾਂ ਨੂੰ ਮਿਲਾ ਕੇ ਸਭ ਤੋਂ ਵੱਧ 41 ਸੈਂਕੜੇ ਬਣਾਉਣ ਵਾਲੇ ਆਸਟਰੇਲਿਆਈ ਖਿਡਾਰੀ ਰਿੱਕੀ ਪੌਂਟਿੰਗ ਦੀ ਬਰਾਬਰੀ ਕੀਤੀ। ਕੋਹਲੀ ਦੇ ਕਰੀਅਰ ਦਾ ਇਹ ਕੁੱਲ 70ਵਾਂ ਜਦੋਂਕਿ ਟੈਸਟ ਮੈਚ ’ਚ 27ਵਾਂ ਸੈਂਕੜਾ ਹੈ। ਉਸ ਨੇ ਭਾਰਤ ’ਚ ਗੁਲਾਬੀ ਗੇਂਦ ਨਾਲ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਪਾਰੀ ਦੇ 68ਵੇਂ ਓਵਰ ’ਚ ਤਾਈਜੁਲ ਇਸਲਾਮ ਦੀ ਗੇਂਦ ’ਤੇ ਸਕੁਐਰ ਲੈੱਗ ’ਚ ਸ਼ਾਟ ਖੇਡ ਕੇ ਆਪਣਾ ਸੈਂਕੜਾ ਪੂਰਾ ਕੀਤਾ। ਭਾਰਤੀ ਕਪਤਾਨ ਦੇ ਤੌਰ ’ਤੇ ਟੈਸਟ ’ਚ ਕੋਹਲੀ ਦੀ ਇਹ 20ਵੀਂ ਸੈਂਕੜਾ ਪਾਰੀ ਹੈ। ਉਸ ਨੇ ਇਸ ਮਾਮਲੇ ’ਚ ਪੌਂਟਿੰਗ ਨੂੰ ਪਛਾੜ ਦਿੱਤਾ ਜਿਸ ਨੇ ਕਪਤਾਨ ਵਜੋਂ 19 ਸੈਂਕੜੇ ਲਗਾਏ ਸਨ। ਇਸ ਮਾਮਲੇ ’ਚ ਉਹ ਦੱਖਣੀ ਅਫ਼ਰੀਕਾ ਦੇ ਗਰੀਮ ਸਮਿੱਥ ਤੋਂ ਬਾਅਦ ਦੂਜੇ ਸਥਾਨ ’ਤੇ ਹੈ।






