July 9, 2026
#ਭਾਰਤ

ਭਾਜਪਾ ਦੀਆਂ ਚਾਲਾਂ ਨੂੰ ਪੂਰਾ ਦੇਸ਼ ਦੇਖ ਰਿਹਾ ਹੈ : ਉਧਵ ਠਾਕਰੇ

ਮੁੰਬਈ – ਮਹਾਰਾਸ਼ਟਰ ਵਿੱਚ ਰਾਤੋਂ ਰਾਤ ਬਦਲੇ ਸਿਆਸੀ ਸਮੀਕਰਨਾ ਦੇ ਦੌਰਾਨ ਭਾਜਪਾ ਵਲੋਂ ਸਰਕਾਰ ਬਣਾਏ ਜਾਣ ਤੋਂ ਬਾਅਦ ਸ਼ਿਵਸੈਨਾ ਦੇ ਮੁਖੀ ਸ੍ਰੀ ਉੱਧਵ ਠਾਕਰੇ ਅਤੇ ਐਨ ਸੀ ਪੀ ਦੇ ਸੁਪਰੀਮੋ ਸ੍ਰੀ ਸ਼ਰਦ ਪਵਾਰ ਨੇ ਅੱਜ ਇੱਕ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਭਾਜਪਾ ਨੇ ਧੋਖੇ ਨਾਲ ਸਰਕਾਰ ਬਣਾਈ ਹੈ ਅਤੇ ਇਹ ਛੇਤੀ ਡਿੱਗ ਜਾਵੇਗੀ| ਉਹਨਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਭਰੋਸੇ ਦਾ ਵੋਟ ਨਹੀਂ ਜਿੱਤ ਪਾਏਗੀ ਅਤੇ ਉਸਨੂੰ ਜਾਣਾ ਹੀ ਪਏਗਾ|ਇਸ ਮੌਕੇ ਸ੍ਰੀ ਸ਼ਰਦ ਪਵਾਰ ਨੇ ਦਾਅਵਾ ਕੀਤਾ ਕਿ ਅਜੀਤ ਪਵਾਰ ਵਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਫੈਸਲਾ ਨਿੱਜੀ ਹੈ ਅਤੇ ਐਨ ਸੀ ਪੀ ਵਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਸਵਾਲ ਹੀ ਨਹੀਂ ਹੈ| ਉਹਨਾਂ ਕਿਹਾ ਕਿ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਵਿੱਚ ਆਗੂ ਦੀ ਚੋਣ ਲਈ ਵਿਧਾਇਕਾਂ ਦੇ ਹਸਤਾਖਰ ਲਏ ਗਏ ਸਨ ਜਿਹਨਾਂ ਦੀ ਅਜੀਤ ਪਵਾਰ ਨੇ ਦੁਰਵਰਤੋਂ ਕੀਤੀ ਹੈ ਅਤੇ ਸਾਡੇ ਵਿਧਾਇਕ ਹੁਣੇ ਵੀ ਸਾਡੇ ਨਾਲ ਖੜ੍ਹੇ ਹਨ| ਇਸ ਮੌਕੇ ਉਹਨਾਂ ਦੇ ਨਾਲ ਹਾਜਿਰ ਐਨ ਸੀ ਪੀ ਦੇ ਵਿਧਾਇਕਾਂ ਨੇ ਕਿਹਾ ਕਿ ਅਜੀਤ ਪਵਾਰ ਵਲੋਂ ਉਹਨਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਲਿਜਾਇਆ ਗਿਆ ਸੀ ਜਦੋਂਕਿ ਉਹ ਸ੍ਰੀ ਸ਼ਰਦ ਪਵਾਰ ਦੇ ਹੀ ਨਾਲ ਹਨ| ਇਸ ਮੌਕੇ ਸ੍ਰੀ ਸ਼ਰਦ ਪਵਾਰ ਨੇ ਅਜੀਤ ਪਵਾਰ ਦਾ ਸਾਥ ਦੇਣ ਵਾਲੇ ਵਿਧਾਇਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜਿਹੜੇ ਵਿਧਾਇਕ ਭਾਜਪਾ ਦੇ ਨਾਲ ਜਾਣ ਦੀ ਸੋਚ ਰਹੇ ਹਨ ਉਹਨਾਂ ਨੂੰ ਦਲ ਬਦਲ ਕਾਨੂੰਨ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ| ਸ਼ਿਵਸੈਨਾ ਦੇ ਮੁਖੀ ਉਧਵ ਠਾਕਰੇ ਨੇ ਇਸ ਮੌਕੇ ਕਿਹਾ ਕਿ ਇਸ ਵੇਲੇ ਜਿਹੜੀ ਖੇਡ ਖੇਡੀ ਜਾ ਰਹੀ ਹੈ ਉਸਤੇ ਪੂਰੀ ਦੁਨੀਆ ਦੀ ਨਜਰ ਹੈ| ਉਹਨਾਂ ਕਿਹਾ ਕਿ ਸਾਡੇ ਤੇ ਕਈ ਇਲਜਾਮ ਲਗਾਏ ਗਏ ਪਰੰਤੂ ਸ਼ਿਵਸੈਨਾ ਜੋ ਵੀ ਕੰਮ ਕਰਦੀ ਹੈ ਡੰਕੇ ਦੀ ਚੋਟ ਤੇ ਕਰਦੀ ਹੈ| ਉਹਨਾਂ ਕਿਹਾ ਕਿ ਭਾਜਪਾ ਸਿਰਫ ਤੋੜਣ ਦਾ ਕੰਮ ਕਰਦੀ ਹੈ ਅਤੇ ਤਾਜਾ ਘਟਨਾਚੱਕਰ ਨੇ ਇਹ ਗੱਲ ਪੂਰੀ ਤਰ੍ਹਾਂ ਸਾਬਿਤ ਕਰ ਦਿੱਤੀ ਹੈ| ਉਹਨਾਂ ਕਿਹਾ ਕਿ ਇਹ ਸਰਕਾਰ ਭਰੋਸੇ ਦਾ ਵੋਟ ਹਾਸਿਲ ਨਹੀਂ ਕਰ ਪਾਏਗੀ ਅਤੇ ਸੂਬੇ ਵਿੱਚ ਸ਼ਿਵਸੈਨਾ, ਐਨ ਸੀ ਪੀ ਅਤੇ ਕਾਂਗਰਸ ਦੀ ਗਠਜੋੜ ਸਰਕਾਰ ਦਾ ਬਣਨਾ ਤੈਅ ਹੈ|