April 23, 2026
#ਭਾਰਤ

ਮਾਤਾ ਵੈਸ਼ਨੋ ਦੇਵੀ ਦੀ ਤਰਜ਼ ਤੇ ਚਾਰਧਾਮ ਲਈ ਵੀ ਬਣੇਗਾ ‘ਸ਼ਰਾਈਨ ਬੋਰਡ’

ਦੇਹਰਾਦੂਨ – ਉਤਰਾਖੰਡ ਸਰਕਾਰ ਨੇ ਵੈਸ਼ਨੋ ਦੇਵੀ ਅਤੇ ਤਿਰੂਪਤੀ ਬਾਲਾਜੀ ਮੰਦਰ ਦੀ ਤਰਜ ਤੇ ਚਾਰਧਾਮ ਸ਼ਰਾਈਨ ਬੋਰਡ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ| ਸ਼ਰਾਈਨ ਬੋਰਡ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯੁਮਨੋਤਰੀ ਧਾਮ ਤੋਂ ਇਲਾਵਾ ਪ੍ਰਸਿੱਧ ਅਤੇ ਧਾਰਮਿਕ ਮੱਹਤਵ ਦੇ 51 ਮੰਦਰਾਂ ਦੀ ਵਿਵਸਥਾ ਤੇ ਪ੍ਰਬੰਧਨ ਦੇਖੇਗਾ| ਚਾਰਧਾਮ ਮੰਦਰਾਂ ਅਤੇ ਉਕਤ ਖੇਤਰ ਦੇ ਵਿਕਾਸ ਤੇ ਸਾਂਭ-ਸੰਭਾਲ ਲਈ ਚਾਰਧਾਮ ਫੰਡ ਦਾ ਵੀ ਗਠਨ ਹੋਵੇਗਾ| ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਪ੍ਰਧਾਨਗੀ ਵਿੱਚ ਹੋਈ ਪ੍ਰਦੇਸ਼ ਮੰਤਰੀ ਮੰਡਲ ਦੀ ਬੈਠਕ ਵਿੱਚ ਉਤਰਾਖੰਡ ਚਾਰਧਾਮ ਸ਼ਰਾਇਣ ਬੋਰਡ ਪ੍ਰਬੰਧਨ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਗਈ| ਇਹ ਬਿੱਲ 4 ਦਸੰਬਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਦੇ ਮੇਜ਼ ਤੇ ਰੱਖਿਆ ਜਾਵੇਗਾ| ਵਿਧਾਨ ਸਭਾ ਵਿਚ ਪਾਸ ਹੋਣ ਤੋਂ ਬਾਅਦ ਇਹ ਐਕਟ ਦੀ ਸ਼ਕਲ ਲੈ ਲਵੇਗਾ| ਇਸ ਤੋਂ ਬਾਅਦ ਸਰਕਾਰ ਚਾਰਧਾਮ ਵਿਕਾਸ ਬੋਰਡ ਦਾ ਗਠਨ ਕਰੇਗੀ| ਮੁੱਖ ਮੰਤਰੀ ਬੋਰਡ ਦੇ ਪ੍ਰਧਾਨ ਹੋਣਗੇ| ਜੇਕਰ ਉਹ ਹਿੰਦੂ ਨਹੀਂ ਹੋਣਗੇ ਤਾਂ ਹਿੰਦੂ ਧਰਮ ਨੂੰ ਮੰਨਣ ਵਾਲੇ ਕਿਸੇ ਸੀਨੀਅਰ ਮੰਤਰੀ ਨੂੰ ਬੋਰਡ ਦਾ ਪ੍ਰਧਾਨ ਬਣਾਇਆ ਜਾਵੇਗਾ|ਚਾਰਧਾਮਾਂ ਦੀ ਵਿਵਸਥਾ ਨੂੰ ਸੰਚਾਲਿਤ ਕਰਨ ਲਈ ਜਿੰਨੀਆਂ ਵੀ ਕਮੇਟੀਆਂ ਅਤੇ ਉੱਪ ਕਮੇਟੀਆਂ ਗਠਿਤ ਹਨ, ਸਾਰੇ ਸ਼ਰਾਈਨ ਬੋਰਡ ਦੇ ਅਧੀਨ ਹੋ ਜਾਣਗੀਆਂ| ਮੌਜੂਦਾ ਸਮੇਂ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਅਤੇ ਚਾਰਧਾਮ ਵਿਕਾਸ ਪ੍ਰੀਸ਼ਦ, ਗੰਗੋਤਰੀ ਅਤੇ ਯਮੁਨੋਤਰੀ ਧਾਮ ਨੂੰ ਲੈ ਕੇ ਵੀ ਖੁਦਮੁਖਤਿਆਰੀ ਕਮੇਟੀਆਂ ਗਠਿਤ ਹਨ| ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਕਰਮਚਾਰੀ ਸ਼ਰਾਈਨ ਬੋਰਡ ਦੇ ਕਰਮਚਾਰੀ ਮੰਨੇ ਜਾਣਗੇ| ਹੋਰ ਅਹੁਦਿਆਂ ਦੀ ਵੀ ਰਚਨਾ ਹੋਵੇਗੀ|