ਸੜਕ ਹਾਦਸਿਆਂ ‘ਚ ਕਈ ਘਰਾਂ ਦੇ ਬੁੱਝੇ ਚਿਰਾਗ-ਇੱਕ ਬੱਚੇ ਸਮੇਤ 7 ਦੀ ਮੌਤ-ਕਈ ਜ਼ਖਮੀ
ਬਠਿੰਡਾ – ਤੇਜ਼ ਰਫਤਾਰ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਅਤੇ ਇੱਕ ਦਰਜ਼ਨ ਤੋ ਵੱਧ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਵਿੱਚ ਵੱਖ ਵੱਖ 3 ਥਾਂ ਵਾਪਰੇ ਵੱਡੇ ਹਾਦਸਿਆਂ ਕਰਕੇ ਤਿੰਨ ਫੋਜ਼ੀਆਂ, ਇੱਕ ਬੱਚੇ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੇ ਮਾਮਲੇ ਅਧੀਨ ਮਲੋਟ ਅਬੋਹਰ ਰੋਡ ਤੇ ਫੋਜੀਆਂ ਦੀ ਐਬੂਲੈਂਸ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਕਰਕੇ ਤਿੰਨ ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤੇ 2 ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇਹ ਐਬੂਲੈਂਸ ਅਬੋਹਰ ਤੋ ਬਠਿੰਡਾ ਜਾ ਰਹੀ ਸੀ ਅਤੇ ਮਲੋਟ ਅਬੋਹਰ ਰੋਡ ਤੇ ਰਿਲਾਇੰਸ ਪੰਪ ਕੋਲ ਟਰੱਕ ਨਾਲ ਟਕਰਾ ਗਈ। ਮੌਕੇ ਤੇ ਪੁੱਜੀ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ। ਦੂਸਰੇ ਮਾਮਲੇ ‘ਚ ਬਠਿੰਡਾ ਅੰਮ੍ਰਿਤਸਰ ਰੋਡ ਤੇ ਗੋਨਿਆਣਾ ਦੇ ਨਜ਼ਦੀਕ ਪਿੰਡ ਹਰਰਾਏਪੁਰ ਕੋਲ ਡਿਵਾਈਡਰ ਪਾਰ ਕਰਕੇ ਦੂਸਰੀ ਸਾਈਡ ਆਈ ਕਾਰ ਦੀ ਟੱਕਰ ਕਾਰਨ ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਗਰੀਨ ਬੱਸ ਕੰਪਨੀ ਦੀ ਬੱਸ ਪਲਟ ਗਈ ਜਿਸ ਕਰਕੇ ਇੱਕ ਬੱਚੇ ਸਮੇਤ 4 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਹੈ ਜਦੋਂਕਿ 10 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ਤੇ ਪਹੁੰਚੇ ਲੋਕਾਂ ਨੇ ਪਲਟੀ ਹੋਈ ਬੱਸ ਵਿਚੋਂ ਸਵਾਰੀਆਂ ਅਤੇ ਬੱਚਿਆਂ ਨੂੰ ਬਾ ਮੁਸ਼ਕਿਲ ਬਚਾਇਆ ਗਿਆ। ਮੌਕੇ ਤੇ ਮੌਜੂਦ ਪ੍ਰਤੱਖਦਰਸ਼ੀ ਅਮਰੀਕ ਸਿੰਘ, ਲਛਮਣ ਸਿੰਘ ਆਦਿ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਦੇ ਸਾਹਮਣੇ ਅਚਾਨਕ ਗਲਤ ਸਾਈਡ ਤੋਂ ਮੋਟਰਸਾਈਕਲ ਸਵਾਰ ਆ ਗਏ ਜਿਨਾਂ ਨੂੰ ਬਚਾਉਂਦੇ ਹੋਏ ਕਾਰ ਡਿਵਾਈਡਰ ਤੇ ਚੜ ਗਈ ਅਤੇ ਦੂਸਰੀ ਸਾਈਡ ਪਹੁੰਚ ਗਈ ਜਿਸ ਕਰਕੇ ਸਾਹਮਣੇ ਤੋਂ ਤੇਜ਼ ਰਫ਼ਤਾਰ ਆ ਰਹੀ ਬੱਸ ਨਾਲ ਕਾਰ ਦੀ ਟੱਕਰ ਹੋ ਗਈ ਅਤੇ ਬੱਸ ਪਲਟ ਗਈ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਗੋਨਿਆਣਾ ਅਤੇ ਬਠਿੰਡਾ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਦੋਂ ਕਿ ਮ੍ਰਿਤਕਾਂ ਦੀ ਪਛਾਣ ਲਈ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਯਤਨ ਕਰ ਰਹੇ ਹਨ। ਮੌਕੇ ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਪਹੁੰਚ ਗਈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸੇ ਤਰਾਂ ਤੀਜੇ ਮਾਮਲੇ ‘ਚ ਖੰਨਾ ਦੇ ਨਜ਼ਦੀਕ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਕਰਕੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ।






