April 25, 2026
#ਪ੍ਰਮੁੱਖ ਖ਼ਬਰਾਂ #ਭਾਰਤ

ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ‘ਚ ਹਲਾਕ

ਹਥਿਆਰ ਖੋਹ ਕੇ ਮੁਲਜ਼ਮਾਂ ਨੇ ਕੀਤੀ ਸੀ ਭੱਜਣ ਦੀ ਕੋਸ਼ਿਸ਼ : ਪੁਲਿਸ ਕਮਿਸ਼ਨਰ

ਹੈਦਰਾਬਾਦ – ਹੈਦਰਾਬਾਦ ਗੈਂਗਰੇਪ (ਸਮੂਹਕ ਜਬਰ ਜਨਾਹ) ਦੇ ਚਾਰੇ ਮੁਲਜ਼ਮ ਪੁਲਿਸ ਨਾਲ ਮੁਕਾਬਲੇ ‘ਚ ਮਾਰੇ ਹਨ। ਇਹ ਮੁਕਾਬਲਾ ਨੈਸ਼ਨਲ ਹਾਈਵੇ–44 ਕੋਲ ਹੋਇਆ। ਦਰਅਸਲ, ਪੁਲਿਸ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਇਸ ਰਾਸ਼ਟਰੀ ਰਾਜਮਾਰਗ ਉੱਤੇ ਉਸ ਅਪਰਾਧਕ ਘਟਨਾ ਦੇ ਦ੍ਰਿਸ਼ ਮੁੜ–ਸਿਰਜਣ (ਰੀ–ਕ੍ਰੀਏਟ) ਕਰਨ ਲਈ ਲੈ ਕੇ ਗਈ ਸੀ। ਪੁਲਿਸ ਮੁਤਾਬਕ ਚਾਰੇ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦਾ ਯਤਨ ਕੀਤਾ ਤੇ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਉੱਥੇ ਹੀ ਮਾਰ ਮੁਕਾਇਆ। ਇੱਥੇ ਵਰਨਣਯੋਗ ਹੈ ਕਿ 27–28 ਨਵੰਬਰ ਦੀ ਦਰਮਿਆਨੀ ਰਾਤ ਨੂੰ ਹੈਦਰਾਬਾਦ ‘ਚ ਇੱਕ ਲੇਡੀ ਵੈਟਰਨਰੀ ਡਾਕਟਰ ਨਾਲ ਜਬਰ–ਜਨਾਹ ਨੂੰ ਅੰਜਾਮ ਦਿੱਤਾ ਗਿਆ ਸੀ। ਉਸ ਡਾਕਟਰ ਦੀ ਸੜੀ ਹੋਈ ਮ੍ਰਿਤਕ ਦੇਹ ਬੈਂਗਲੁਰੂ–ਹੈਦਰਾਬਾਦ ਰਾਸ਼ਟਰੀ ਰਾਜਮਾਰਗ ‘ਤੇ ਇੱਕ ਅੰਡਰਪਾਸ ਨੇੜੇ ਮਿਲੀ ਸੀ। ਇਸ ਮੁਕਾਬਲੇ ਬਾਅਦ ਪੁਲਿਸ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਤੜਕੇ 3 ਤੋਂ 6 ਵਜੇ ਦੌਰਾਨ ਮਾਰੇ ਗਏ। ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਮਿਲਣ ਤੋਂ ਬਾਅਦ 4 ਅਤੇ 5 ਦਸੰਬਰ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਸੀ। 6 ਦਸੰਬਰ ਦੀ ਸਵੇਰੇ 10 ਪੁਲਿਸ ਮੁਲਾਜ਼ਮਾਂ ਦੀ ਟੀਮ ਸੀਨ ਰਿਕ੍ਰਿਏਟ ਕਰਨ ਗਈ ਸੀ। ਇਸ ਦੌਰਾਨ ਮੁਹੰਮਦ ਆਰਿਫ਼ ਅਤੇ ਚੇਨਾਕੇਸ਼ਾਵੁਲੂ ਨੇ 2 ਪੁਲਿਸ ਮੁਲਾਜ਼ਮਾਂ ਦੀਆਂ ਬੰਦੂਕਾਂ ਖੋਹ ਲਈਆਂ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ, ਜਿਸ ‘ਚ ਇੱਕ ਸਬ ਇੰਸਪੈਕਟਰ ਅਤੇ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਚਾਰੇ ਮੁਲਜ਼ਮ ਮਾਰੇ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਡੀ.ਐਨ.ਏ. ਟੈਸਟ ਵੀ ਕੀਤਾ ਗਿਆ ਹੈ। ਇਹ ਸਾਰੇ ਮੁਲਜ਼ਮ ਕਰਨਾਟਕ-ਤੇਲੰਗਾਨਾ ‘ਚ ਕਈ ਮਾਮਲਿਆਂ ਵਿੱਚ ਦੋਸ਼ੀ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਚਿਤਾਵਨੀ ਦਿੱਤੀ ਸੀ ਅਤੇ ਆਤਮ ਸਮਰਪਣ ਕਰਨ ਲਈ ਵੀ ਕਿਹਾ ਸੀ ਪਰ ਉਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ। ਇਹੀ ਕਾਰਨ ਸੀ ਕਿ ਪੁਲਿਸ ਨੂੰ ਜਵਾਬੀ ਗੋਲੀਬਾਰੀ ਕਰਨੀ ਪਈ। ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ਦਾ ਮੋਬਾਈਲ ਇਨ੍ਹਾਂ ਲੋਕਾਂ ਨੇ ਲੁਕਾ ਦਿੱਤਾ ਸੀ, ਜਿਸ ਦੀ ਤਲਾਸ਼ ਕਰਨੀ ਸੀ ਅਤੇ ਵਾਰਦਾਤ ਵਾਲੀ ਥਾਂ ਤੋਂ ਸਾਈਂਟਿਫਿਕ ਸਬੂਤ ਵੀ ਇਕੱਤਰ ਕਰਨੇ ਸਨ।