ਡਾ.ਅੰਬੇਡਕਰ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ : ਮਿੱਤਰ
ਖੰਨਾ – ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 63ਵਾਂ ਮਹਾਂ ਪ੍ਰੀਨਿਰਵਾਣ ਦਿਵਸ ਅੰਬੇਡਕਰ ਭਵਨ ਵਿਖੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਇੰਟਰਨੈਸ਼ਨਲ ਗਾਇਕ ਸੁਰਾਜ ਮੁਹੰਮਦ ਅਤੇ ਹਰਭਜਨ ਸਿੰਘ ਜੱਲੋਵਾਲ ਨੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਉਸਤਤੀ ਦੇ ਗਾਣੇ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਜੀ ਨੇ ਬੋਲਦੇ ਹੋਏ ਆਖਿਆ ਕਿ ਡਾਕਟਰ ਅੰਬੇਡਕਰ ਸਾਹਿਬ ਅਰਥਸ਼ਾਸਤਰੀ, ਰਾਜਨੀਤੀਵਾਨ, ਸਮਾਜ ਸੁਧਾਰਕ , ਮਹਾਨ ਲੇਖਕ , ਸੰਵਿਧਾਨ ਨਿਰਮਾਤਾ ਅਤੇ ਇਸਤਰੀਆਂ ਨੂੰ ਅਧਿਕਾਰ ਦੇਣ ਵਾਲੇ ਯੁੱਗ ਪੁਰਸ਼ ਸਨ , ਉਨ੍ਹਾਂ ਅੱਗੇ ਆਖਿਆ ਕਿ ਜਦੋਂ 1930 ਵਿੱਚ ਉਨ੍ਹਾਂ ਦਾ ਬੇਟਾ ਰਾਜ ਰਤਨ ਦਵਾਈ ਤੋਂ ਬਗੈਰ ਮਰ ਰਿਹਾ ਸੀ ਤਾਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਇੰਗਲੈਂਡ ਵਿੱਚ ਪਹਿਲੀ ਗੋਲਮੇਜ਼ ਕਾਨਫਰੰਸ ਵਿੱਚ ਜਾਣ ਤੋਂ ਰੋਕਿਆ ਸੀ ਪਰ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਆਪਣੇ ਇੱਕ ਬੇਟੇ ਲਈ ਭਾਰਤ ਦੇ ਕਰੋੜਾਂ ਬੇਟਿਆਂ ਨੂੰ ਨਹੀਂ ਮਾਰ ਸਕਦਾ , ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਸਾਨੂੰ ਵੀ ਡਾਕਟਰ ਅੰਬੇਡਕਰ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ । ਸੰਸਥਾ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਸਿਫਤੀ ਨੇ ਆਖਿਆ ਕਿ ਸੁਸਾਇਟੀ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੁਸਾਇਟੀ ਦੀਆਂ ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ ਤਾਂ ਕਿ ਦਲਿਤ ਸਮਾਜ ਨੂੰ ਜਾਗਰੂਕ ਕਰਕੇ ਸੋਸਾਇਟੀ ਨਾਲ ਜੋੜਿਆ ਜਾਵੇ , ਉਨ੍ਹਾਂ ਅੱਗੇ ਕਿਹਾ ਕਿ ਮਰਦਾਂ ਦੇ ਨਾਲ ਨਾਲ ਔਰਤਾਂ ਨੂੰ ਵੀ ਸੁਸਾਇਟੀ ਨਾਲ ਜੋੜਿਆ ਜਾਵੇਗਾ ਅਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਅਧਿਕਾਰਾਂ ਦੀ ਸਹੀ ਵਰਤੋਂ ਕਰ ਸਕਣ । ਇਸ ਮੌਕੇ ਜਨਾਬ ਰਾਸ਼ਿਦ ਖਾਨ, ਬਲਵੀਰ ਸਿੰਘ ਸੁਹਾਵੀ ਅਤੇ ਅਮਨਿੰਦਰ ਜੋਤ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਗੁਰਨਾਮ ਸਿੰਘ, ਜੰਗ ਸਿੰਘ, ਕੈਪਟਨ ਸ਼ਿਵ ਸਿੰਘ, ਖੁਸ਼ੀ ਰਾਮ ਚੌਹਾਨ, ਸੁਰਿੰਦਰ ਸਿੰਘ ਗੋਹ, ਟੇਕ ਚੰਦ, ਬੇਅੰਤ ਸਿੰਘ ਕੌੜੀ, ਭਾਗ ਸਿੰਘ, ਜਗਜੀਤ ਸਿੰਘ, ਸਿਮਰਨਜੀਤ ਸਿੰਘ, ਪ੍ਰਭਜੋਤ ਸਿੰਘ ਆਦਿ ਮੈਂਬਰ ਹਾਜ਼ਰ ਸਨ।






