April 25, 2026

ਈ-ਸਿਗਰਟ ਅਤੇ ਹੁੱਕਾ ਬਾਰਾਂ ‘ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ : ਘਨਸ਼ਿਆਮ ਥੋਰੀ

ਸੰਗਰੂਰ – ਜ਼ਿਲ੍ਹਾ ਸੰਗਰੂਰ ਵਿਚ ਇਲੈਕਟ੍ਰਾਨਿਕ-ਸਿਗਰਟਾਂ ਦੇ ਉਤਪਾਦਨ, ਵਿਕਰੀ ਤੇ ਸਟੋਰੇਜ ਅਤੇ ਹੁੱਕਾ ਬਾਰ ਚਲਾਉਣ ‘ਤੇ ਪੂਰਨ ਪਾਬੰਦੀ ਹੈ ਅਤੇ ਪਾਬੰਦੀ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਅੱਜ ਤੋਂ ਕੀਤਾ ਗਿਆ ਹੈ, ਜੋ 15 ਦਸੰਬਰ ਤੱਕ ਜਾਰੀ ਰਹੇਗੀ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ‘ਈ-ਸਿਗਰਟ ਆਰਡੀਨੈਂਸ 2019’ ਤਹਿਤ ਈ-ਸਿਗਰਟਾਂ ਦੇ ਉਤਪਾਦਨ, ਬਰਾਮਦ, ਦਰਾਮਦ, ਟਰਾਂਸਪੋਰਟ, ਵਿਕਰੀ, ਵੰਡ, ਸਟੋਰੇਜ ਤੇ ਇਸ਼ਤਿਹਾਰਬਾਜ਼ੀ ਆਦਿ ‘ਤੇ ਪੂਰਨ ਪਾਬੰਦੀ ਦੇ ਹੁਕਮ ਲਾਗੂ ਕੀਤੇ ਹੋਏ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ‘ਸਿਗਰਟ ਤੇ ਹੋਰ ਤੰਬਾਕੂ ਉਤਪਾਦ (ਪੰਜਾਬ ਸੋਧ) ਐਕਟ, 2018 ਤਹਿਤ ਤਹਿਤ ਹੁੱਕਾ ਬਾਰ ਚਲਾਉਣ ‘ਤੇ ਪੂਰਨ ਪਾਬੰਦੀ ਦੇ ਹੁਕਮ ਲਾਗੂ ਕੀਤੇ ਹੋਏ ਹਨ। ਉਨ੍ਹ੍ਹਾਂ ਦੱਸਿਆ ਕਿ ‘ਈ-ਸਿਗਰਟ ਆਰਡੀਨੈਂਸ 2019’ ਤਹਿਤ ਕੋਈ ਵੀ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ ‘ਤੇ ਈ-ਸਿਗਰਟ ਦਾ ਉਤਪਾਦਨ, ਦਰਾਮਦ, ਬਰਾਮਦ, ਵਿਕਰੀ ਜਾਂ ਵੰਡ ਆਦਿ ਨਹੀਂ ਕਰ ਸਕਦਾ ਅਤੇ ਨਾ ਹੀ ਈ-ਸਿਗਰਟ ਨੂੰ ਬੜਾਵਾ ਦੇਣ ਵਾਲੀ ਕੋਈ ਇਸ਼ਤਿਹਾਰਬਾਜ਼ੀ ਕੀਤੀ ਜਾ ਸਕਦੀ ਹੈ। ਈ-ਸਿਗਰਟ ਦਾ ਉਤਪਾਦਨ, ਦਰਾਮਦ, ਬਰਾਮਦ, ਵਿਕਰੀ ਜਾਂ ਵੰਡ ਜਾਂ ਇਸ਼ਤਿਹਾਰਬਾਜ਼ੀ ਕਰਨ ‘ਤੇ ਇਕ ਸਾਲ ਤੱਕ ਦੀ ਕੈਦ ਜਾਂ ਇਕ ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੇਕਰ ਕੋਈ ਵਿਅਕਤੀ ਦੂਜੀ ਵਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਤਿੰਨ ਸਾਲ ਦੀ ਕੈਦ ਅਤੇ ਪੰਜ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਈ-ਸਿਗਰਟ ਦੀ ਸਟੋਰੇਜ ‘ਤੇ ਛੇ ਮਹੀਨੇ ਤੱਕ ਦੀ ਸਜ਼ਾ ਜਾਂ 50 ਹਜ਼ਾਰ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਇਸੇ ਤਰ੍ਹਾਂ ਹੁੱਕਾ ਬਾਰ ਐਕਟ, 2018 ਤਹਿਤ ਕੋਈ ਵੀ ਵਿਅਕਤੀ ਆਪਣੇ ਜਾਂ ਕਿਸੇ ਹੋਰ ਦੇ ਪੱਧਰ ‘ਤੇ ਹੁੱਕਾ ਬਾਰ ਖੋਲ੍ਹ ਜਾਂ ਚਲਾ ਨਹੀਂ ਸਕਦਾ। ਪਾਬੰਦੀ ਦੇ ਇਨ੍ਹਾਂ ਹੁਕਮਾਂ ਦੀ ਉਲੰਘਣਾ ‘ਤੇ ਇਕ ਸਾਲ ਤੋਂ ਲੈ ਕੇ ਤਿੰਨ ਸਾਲ ਤੱਕ ਦੀ ਸਜ਼ਾ ਅਤੇ 20 ਹਜ਼ਾਰ ਤੋਂ 50 ਹਜ਼ਾਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੰਬਾਕੂ ਖਿਲਾਫ ਪਾਬੰਦੀ ਦੇ ਇਨ੍ਹਾਂ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਅੱਜ ਤੋਂ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ, ਜੋ 15 ਦਸੰਬਰ ਤੱਕ ਜਾਰੀ ਰਹੇਗੀ, ਜਿਸ ਦਾ ਮਕਸਦ ਪਾਬੰਦੀ ਦੇ ਹੁਕਮ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣਾ ਹੈ ਤਾਂ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਸਖਤ ਹੈ ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।