ਵਿੱਤ ਮੰਤਰੀ ਨਿਰਮਲਾ ਸੀਤਾਰਮਣ ਫੋਰਬਸ ਦੀ ਦੁਨੀਆ ਦੀ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਲ
ਨਵੀਂ ਦਿੱਲੀ – ਫੋਰਬਸ ਨੇ ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਐਚ.ਸੀ.ਐਲ. ਕਾਰਪੋਰੇਸ਼ਨ ਦੀ ਸੀ.ਈ.ਓ. ਤੇ ਕਾਰਜਕਾਰੀ ਡਾਇਰੈਕਟਰ ਰੋਸ਼ਨੀ ਨਾਦਰ ਮਲਹੋਤਰਾ ਅਤੇ ਬਾਇਓਕੋਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ| ‘ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ’ ਦੀ 2019 ਦੀ ਫੋਰਬਸ ਸੂਚੀ ਵਿੱਚ ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ| ਦੂਜੇ ਸਥਾਨ ਤੇ ਹੈ ਯੂਰਪੀਅਨ ਸੈਂਟਰਲ ਬੈਂਕ ਦੀ ਪ੍ਰੈਜ਼ੀਡੈਂਟ ਕ੍ਰਿਸਟੀਨ ਲੇਗਾਰਦ ਅਤੇ ਤੀਜੇ ਸਥਾਨ ਤੇ ਅਮਰੀਕੀ ਸੰਸੰਦ ਵਿੱਚ ਹੇਠਲੇ ਸਦਨ ਦੀ ਹਾਊਸ ਆਫ ਰੀਪ੍ਰੇਜ਼ੇਂਟੇਟਿਵਸ ਦੀ ਪ੍ਰਤੀਨਿਧੀ ਨੈਨਸੀ ਪੇਲੋਸੀ ਹਨ| ਇਸ ਸੂਚੀ ਵਿਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ 29 ਵੇਂ ਨੰਬਰ ਤੇ ਹੈ|ਫੋਰਬਸ ਦਾ ਕਹਿਣਾ ਹੈ ਕਿ 2019 ਵਿੱਚ ਔਰਤਾਂ ਨੇ ਆਪਣੀ ਸਮਝਦਾਰੀ ਨਾਲ ਅੱਗੇ ਵਧ ਕੇ ਸਰਕਾਰ, ਉਦਯੋਗਾਂ, ਮੀਡੀਆ ਅਤੇ ਚੈਰੀਟੇਬਲ ਕਾਰਜਾਂ ਵਿੱਚ ਸਰਗਰਮੀ ਨਾਲ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਈਆਂ| ਇਸ ਸਾਲ ਸੀਤਾਰਮਨ ਪਹਿਲੀ ਵਾਰ ਫੋਰਬਜ਼ ਦੀ ਸੂਚੀ ਵਿਚ ਸ਼ਾਮਲ ਹੋਈ ਹੈ ਅਤੇ 34 ਵੇਂ ਨੰਬਰ ਤੇ ਹੈ| ਭਾਰਤ ਦੇ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਤੋਂ ਪਹਿਲਾ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ| ਸੀਤਾਰਮਨ ਵਿੱਤ ਮੰਤਰਾਲੇ ਨੂੰ ਸੁਤੰਤਰ ਤੌਰ ਤੇ ਸੰਭਾਲਣ ਵਾਲੀ ਪਹਿਲੀ ਮਹਿਲਾ ਮੰਤਰੀ ਹੈ| ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਦਾ ਚਾਰਜ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਰਿਹਾ ਸੀ|ਇਸ ਸੂਚੀ ਵਿੱਚ ਐਚ. ਸੀ. ਐਲ. ਕਾਰਪੋਰੇਸ਼ਨ ਦੀ ਸੀ.ਈ.ਓ. ਰੌਸ਼ਣੀ ਨਾਦਰ ਮਲਹੋਤਰਾ 54 ਵੇਂ ਸਥਾਨ ਤੇ ਹੈ| 65 ਵਾਂ ਸਥਾਨ ਹਾਸਲ ਕਰਨ ਵਾਲੀ ਬਾਇਓਕਾਨ ਦੀ ਸੰਸਥਾਪਕ ਕਿਰਣ ਮਜੂਮਦਾਰ ਨੇ ਵੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ| ਉਹ ਭਾਰਤ ਦੀ ਸਭ ਤੋਂ ਅਮੀਰ ਔਰਤ ਹੈ, ਜਿਸ ਨੇ ਆਪਣੀ ਪੂਰੀ ਦੌਲਤ ਖੁਦ ਕਮਾਈ ਹੈ|






