Skip to content

ਧਾਰਮਿਕ ਅਤੇ ਸਿਆਸੀ ਧੜ੍ਹੇਬੰਦੀਆਂ ਦੇ ਉਭਾਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ- ਭਾਈ ਗਰੇਵਾਲ, ਭਾਈ ਖ਼ਾਲਸਾ

Share this story

ਅੰਮ੍ਰਿਤਸਰ – ਪਿਛਲੇ ਕੁਝ ਸਮੇਂ ਤੋਂ ਸਿਆਸੀ ਆਗੂਆਂ ਅਤੇ ਸੰਤ ਸਮਾਜ ਦੇ ਕੁਝ ਨੁਮਾਇੰਦਿਆਂ ਵੱਲੋਂ ਆਪਣੇ ਵਿਚਾਰਕ ਵਖਰੇਵਿਆਂ, ਉਭਰ ਰਹੀਆਂ ਧੜ੍ਹੇਬੰਦੀਆਂ ਦੇ ਵਰਤਾਰੇ ’ਚ ਇਕ ਦੂਜੇ ’ਤੇ ਦੂਸ਼ਣਬਾਜ਼ੀ, ਚਿੱਕੜ ਉਛਾਲੀ ਅਤੇ ਆਪਣੇ ਮੁਤਾਬਕ ਸਿਧਾਂਤਾਂ ਦਾ ਵਿਖਾਆਨ ਕਰਕੇ ਆਪਣੀ ਪ੍ਰਤਿਭਾ ਅਤੇ ਧੜ੍ਹੇਬੰਦਕ ਹੋਂਦ ਨੂੰ ਉਭਾਰਨ ਦੀ ਦੌੜ ’ਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਲਪੇਟੇ ਵਿਚ ਲਿਆ ਜਾ ਰਿਹਾ ਹੈ। ਜਿਸ ਕਰਕੇ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣਿਆਂ ਵੱਲੋਂ ਹੀ ਨੀਵਾਂ ਦਿਖਾਉਣ ਅਤੇ ਉਸ ਦੀ ਪ੍ਰਭੂਸਤਾ ਨੂੰ ਚੁਣੌਤੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕੀਤਾ ਹੈ।ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸੰਤ ਸਮਾਜ ਦੇ ਆਗੂਆਂ ਵੱਲੋਂ ਸਿੱਧੇ ਤੌਰ ’ਤੇ ਗੁਰਬਾਣੀ, ਇਤਿਹਾਸ ਅਤੇ ਪੰਥਕ ਰਵਾਇਤਾਂ ਨੂੰ ਠੇਂਗਾ ਦਿਖਾਇਆ ਜਾ ਰਿਹਾ ਹੈ ਅਤੇ ਸਿਆਸੀ ਪਾਰਟੀ ਅਕਾਲੀ ਦਲ ਦੇ ਅੰਦਰ ਪੈਦਾ ਹੋ ਰਹੀ ਨਵੀਂ ਸਫਬੰਦੀ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ’ਚ ਸਿਆਸੀ ਖੇਤਰ ਤੋਂ ਅੱਗੇ ਚਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਸਨਮਾਨ ਨੂੰ ਵੀ ਅਣਡਿੱਠ ਕਰਕੇ ਬੇਲੋੜੀ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਜਦਕਿ ਇਹ ਹੈਰਾਨੀਜਨਕ ਮਾਮਲਾ ਹੈ ਜਦਕਿ ਅਜਿਹਾ ਕਰਨ ਵਾਲੇ ਇਹ ਧਾਰਮਿਕ ਅਤੇ ਰਾਜਨੀਤਕ ਆਗੂ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਅਤੇ ਝੰਡਾ ਬਰਦਾਰ ਹੋਣ ਦਾ ਦਾਅਵਾ ਠੋਕ ਰਹੇ ਹਨ। ਆਗੂਆਂ ਨੇ ਕਿਹਾ ਕਿ ਇਸ ਵਰਤਾਰੇ ਨਾਲ ਆਪਣੀ ਹੀ ਕੌਮ ਨੂੰ ਸਵਾਲਾਂ ਵਿਚ ਉਲਝਾਅ ਕੇ ਦੁਸ਼ਮਣ ਤਾਕਤਾਂ ਦੀਆਂ ਕੋਝੀਆਂ ਚਾਲਾਂ ਨੂੰ ਹੋਰ ਵਧਣ ਫੁੱਲਣ ਦਾ ਮੌਕਾ ਦੇ ਰਹੇ ਹਾਂ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਨੇ ਧਾਰਮਿਕ ਅਤੇ ਰਾਜਸੀ ਲੋਕਾਂ ਨੂੰ ਸਨਿਮਰ ਅਪੀਲ ਕੀਤੀ ਕਿ ਕੌਮ ਦੀ ਹੋਣੀ ਨੂੰ ਸਵਾਰਨ ਵਾਲੀਆਂ ਧਿਰਾਂ ਆਪਣੀ ਸੋਚ ਨੂੰ ਕੇਵਲ ਦੂਸ਼ਣਬਾਜ਼ੀ ਤੱਕ ਹੀ ਸੀਮਤ ਨਾ ਰੱਖ ਕੇ ਆਪਸੀ ਦੂਰੀਆਂ ਮਿਟਾਉਣ ਲਈ ਯਤਨ ਕਰਨ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਜੋਕੇ ਅਧਿਆਏ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸਮੁੱਚੀ ਸਿੱਖ ਸੰਗਤ ਸਨਮਾਨ, ਸਤਿਕਾਰ ਅਤੇ ਵੱਡੀ ਪੱਧਰ ’ਤੇ ਪ੍ਰਵਾਨ ਕਰ ਚੁੱਕੀ ਹੈ, ਜਿਸ ਨੂੰ ਹੋਰ ਮਜ਼ਬੂਤ ਕਰਨਾ ਸਿੱਖ ਪੰਥ ਦੀ ਅੱਜ ਦੇ ਸਮੇਂ ਵੱਡੀ ਲੋੜ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਨਿੱਜੀ ਮੁਫ਼ਾਦਾਂ ਤੇ ਵਿਵਾਦਾਂ ਤੋਂ ਉੱਪਰ ਉੱਠ ਕੇ ਸਮੁੱਚੇ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਜ਼ਬੂਤ ਕਰਨਾ ਹੀ ਵੱਡੇ ਪੰਥ ਪ੍ਰਸਤ ਹੋਣ ਦਾ ਸਬੂਤ ਹੋਵੇਗਾ। ਇਸ ਮੌਕੇ ਸ. ਹਰਦੀਪ ਸਿੰਘ ਕੋਟ ਰਾਝਾਂ, ਸ. ਪ੍ਰਭਜੀਤ ਸਿੰਘ ਕਾਹਲੋਂ, ਇੰਜ: ਗੁਰਫਤਹਿ ਸਿੰਘ ਗਰੇਵਾਲ, ਸ. ਭੁਪਿੰਦਰ ਸਿੰਘ ਆਦਿ ਮੌਜੂਦ ਸਨ।

Share this story
WRITTEN BY

BREAKING