April 24, 2026

ਸ਼ੇਰਪੁਰ-ਧੂਰੀ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਘਨੌਰੀ ਕਲਾਂ ਦੇ ਨੌਜਵਾਨ ਦੀ ਮੌਤ

ਸ਼ੇਰਪੁਰ – ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਘਨੌਰੀ ਕਲਾਂ ਦੇ ਨੌਜਵਾਨ ਕਿਸਾਨ ਆਗੂ ਗੁਰਜੰਟ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਅਤੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਘਨੌਰੀ ਕਲਾਂ ਆਪਣੇ ਦੋ ਹੋਰ ਸਾਥੀਆਂ ਨਾਲ ਦੇਰ ਰਾਤ ਧੂਰੀ ਤੋਂ ਘਨੌਰੀ ਕਲਾਂ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ ਕਿ ਪਿੰਡ ਤੋਂ ਥੋੜੀ ਦੂਰ ਉਹਨਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਗੁਰਜੰਟ ਸਿੰਘ ਦੀ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ। ਜਦਕਿ ਉਸ ਦੇ ਦੋਨੇ ਸਾਥੀ ਬਾਲ-ਬਾਲ ਬਚ ਗਏ। ਇਸ ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਇੰਸਪੈਕਟਰ ਡਾ. ਜਗਵੀਰ ਸਿੰਘ ਨੇ ਦੱਸਿਆਂ ਕਿ ਅਣਪਛਾਤੇ ਵਹੀਕਲ ਤੇ ਡਰਾਇਵਰ ਖਿਲਾਫ ਮੁਕੱਦਮਾ ਨੰਬਰ 354 ਆਈ.ਪੀ.ਸੀ ਧਾਰਾ 279, 304 ਏ, 427 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾ ਨੂੰ ਸੌਪ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇੱਕ ਬੇਟਾ ਛੱਡ ਗਿਆ ਹੈ। ਗੁਰਜੰਟ ਸਿੰਘ ਦੀ ਮੌਤ ‘ਤੇ ਮਾ. ਕੁਲਵੰਤ ਸਿੰਘ ਘਨੌਰੀ, ਗੰਨਾ ਸੰਘਰਸ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਬੁਗਰਾ, ਸ਼ੁਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ, ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਜਗਦੇਵ ਸਿੰਘ ਉੱਭਾਵਾਲ ,ਬੁੰਦੁ ਸਲੇਮਪੁਰ ਆਦਿ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।