ਟੈਸਟ ਦਰਜਾਬੰਦੀ ਕੋਹਲੀ ਸਿਖਰ ’ਤੇ ਬਰਕਰਾਰ
ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਅੱਜ ਜਾਰੀ ਕੀਤੀ ਤਾਜ਼ਾ ਟੈਸਟ ਦਰਜਾਬੰਦੀ ਵਿੱਚ ਬੱਲੇਬਾਜ਼ਾਂ ਦੀ ਸੂਚੀ ’ਚ ਅੱਵਲ ਨੰਬਰ ’ਤੇ ਬਰਕਰਾਰ ਹੈ, ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਸਿੰਘ ਛੇਵੇਂ ਸਥਾਨ ’ਤੇ ਖਿਸਕ ਗਿਆ। ਕੋਹਲੀ ਦੇ 928 ਅੰਕ ਹਨ। ਉਹ ਆਸਟਰੇਲੀਆ ਦੇ ਸਟੀਵ ਸਮਿੱਥ ਤੋਂ 17 ਅੰਕ ਅੱਗੇ ਹੈ, ਜਿਸ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਦਿਨ-ਰਾਤ ਟੈਸਟ ਦੀਆਂ ਦੋਵਾਂ ਪਾਰੀਆਂ ਵਿੱਚ 43 ਦੌੜਾਂ ਅਤੇ 16 ਦੌੜਾਂ ਬਣਾਈਆਂ ਸਨ। ਆਸਟਰੇਲੀਆ ਨੇ ਇਹ ਮੈਚ 296 ਦੌੜਾਂ ਨਾਲ ਜਿੱਤਿਆ ਸੀ।ਚੇਤੇਸ਼ਵਰ ਪੁਜਾਰਾ (791 ਅੰਕ) ਅਤੇ ਅਜਿੰਕਿਆ ਰਹਾਣੇ (759 ਅੰਕ) ਕ੍ਰਮਵਾਰ ਚੌਥੇ ਅਤੇ ਛੇਵੇਂ ਸਥਾਨ ’ਤੇ ਕਾਇਮ ਹਨ। ਆਸਟਰੇਲਿਆਈ ਬੱਲੇਬਾਜ਼ ਮਾਰਨੁਸ ਲਾਬੂਸ਼ਾਨੇ ਨੂੰ ਪਰਥ ਟੈਸਟ ਵਿੱਚ 143 ਦੌੜਾਂ ਅਤੇ 40 ਦੌੜਾਂ ਦੀਆਂ ਪਾਰੀਆਂ ਖੇਡਣ ਦਾ ਫ਼ਾਇਦਾ ਮਿਲਿਆ ਅਤੇ ਉਸ ਨੇ ਚੋਟੀ ਦੇ ਪੰਜ ਬੱਲੇਬਾਜ਼ ਵਿੱਚ ਥਾਂ ਬਣਾ ਲਈ। ਲਾਬੂਸ਼ਾਨੇ ਨੂੰ ਭਾਵੇਂ ਤਿੰਨ ਦਰਜਿਆਂ ਦਾ ਫ਼ਾਇਦਾ ਹੋਇਆ ਹੈ, ਪਰ ਉਹ ਪਾਕਿਸਤਾਨ ਦੇ ਜ਼ਹੀਰ ਅੱਬਾਸ ਅਤੇ ਮੁਦੱਸਰ ਨਾਜ਼ਰ ਦੀ ਬਰਾਬਰੀ ਕਰਨ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਿਆ, ਜਿਨ੍ਹਾਂ ਨੇ ਲਗਾਤਾਰ ਤਿੰਨ ਟੈਸਟ ਪਾਰੀਆਂ ਦੌਰਾਨ 150 ਤੋਂ ਵੱਧ ਦੌੜਾਂ ਦਾ ਸਕੋਰ ਬਣਾਇਆ ਹੈ।ਦਰਜਾਬੰਦੀ ਵਿੱਚ ਉਸ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਵੀ ਪਛਾੜ ਦਿੱਤਾ ਅਤੇ ਸਟੀਵ ਸਮਿੱਥ ਮਗਰੋਂ ਦੂਜਾ ਸਰਵੋਤਮ ਆਸਟਰੇਲਿਆਈ ਬੱਲੇਬਾਜ਼ ਹੈ। ਪਾਕਿਸਤਾਨ ਦਾ ਬੱਲੇਬਾਜ਼ ਬਾਬਰ ਆਜ਼ਮ ਪਹਿਲੀ ਵਾਰ ਸਿਖਰਲੇ ਦਸ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ। ਉਸ ਨੇ ਸ੍ਰੀਲੰਕਾ ਖ਼ਿਲਾਫ਼ ਡਰਾਅ ਰਹੇ ਪਹਿਲੇ ਟੈਸਟ ਮੈਚ ਵਿੱਚ ਨਾਬਾਦ 102 ਦੌੜਾਂ ਦੀ ਪਾਰੀ ਖੇਡੀ ਅਤੇ 13ਵੇਂ ਤੋਂ ਨੌਵੇਂ ਸਥਾਨ ’ਤੇ ਪਹੁੰਚਿਆ। ਉਹ ਇਸ ਸਮੇਂ ਟੀ-20 ਕੌਮਾਂਤਰੀ ਵਿੱਚ ਅੱਵਲ ਨੰਬਰ ਅਤੇ ਇੱਕ ਰੋਜ਼ਾ ਵਿੱਚ ਦੂਜੇ ਸਥਾਨ ’ਤੇ ਕਾਬਜ਼ ਹੈ। ਇਸੇ ਤਰ੍ਹਾਂ ਆਪਣੇ ਪਲੇਠੇ ਕੌਮਾਂਤਰੀ ਟੈਸਟ ’ਚ ਨਾਬਾਦ 109 ਦੌੜਾਂ ਬਣਾਉਣ ਵਾਲੇ ਪਾਕਿਸਤਾਨੀ ਸਲਾਮੀ ਬੱਲੇਬਾਜ਼ ਆਬਿਦ ਅਲੀ ਨੇ ਟੈਸਟ ਦਰਜਾਬੰਦੀ ਵਿੱਚ 78ਵੇਂ ਸਥਾਨ ਤੋਂ ਆਪਣਾ ਸ਼ੁਰੂ ਕੀਤਾ ਹੈ। ਉਹ ਪਲੇਠੇ ਇੱਕ ਰੋਜ਼ਾ ਅਤੇ ਟੈਸਟ ਦੋਵਾਂ ਵੰਨਗੀਆਂ ਵਿੱਚ ਸੈਂਕੜੇ ਜਮਾਉਣ ਵਾਲਾ ਪਹਿਲਾ ਪੁਰਸ਼ ਖਿਡਾਰੀ, ਜਦੋਂਕਿ ਇੰਗਲੈਂਡ ਦੀ ਸਾਬਕਾ (ਮਹਿਲਾ) ਸਲਾਮੀ ਬੱਲੇਬਾਜ਼ ਐਨਿਡ ਬੇਕਵੈੱਲ ਮਗਰੋਂ ਦੂਜਾ ਕ੍ਰਿਕਟਰ ਬਣ ਗਿਆ। ਦੱਖਣੀ ਅਫਰੀਕਾ ਖ਼ਿਲਾਫ਼ ਘਰੇਲੂ ਲੜੀ ਤੋਂ ਸੱਟ ਕਾਰਨ ਟੀਮ ’ਚੋਂ ਬਾਹਰ ਚੱਲ ਰਿਹਾ ਬੁਮਰਾਹ ਗੇਂਦਬਾਜ਼ਾਂ ਵਿੱਚ ਛੇਵੇਂ ਸਥਾਨ ’ਤੇ ਖਿਸਕ ਗਿਆ। ਇਸ ਦਰਜਾਬੰਦੀ ਵਿੱਚ ਆਸਟਰੇਲੀਆ ਦਾ ਪੈਟ ਕਮਿਨਸ ਪਹਿਲੇ ਸਥਾਨ ’ਤੇ ਕਾਬਜ਼ ਹੈ। ਨਿਊਜ਼ੀਲੈਂਡ ਦੇ ਨੀਲ ਵੈਗਨਰ ਨੂੰ ਆਸਟਰੇਲੀਆ ਖ਼ਿਲਾਫ਼ ਟੈਸਟ ਵਿੱਚ ਸੱਤ ਵਿਕਟਾਂ ਲੈਣ ਦਾ ਫ਼ਾਇਦਾ ਮਿਲਿਆ ਹੈ। ਉਹ ਕਰੀਅਰ ਦੇ ਸਰਵੋਤਮ ਰੇਟਿੰਗ 834 ਅੰਕਾਂ ਨਾਲ ਇੱਕ ਵਾਰ ਫਿਰ ਤੀਜੇ ਸਥਾਨ ’ਤੇ ਪਹੁੰਚ ਗਿਆ। ਮੈਚ ਵਿੱਚ ਨੌਂ ਵਿਕਟਾਂ ਲੈਣ ਵਾਲਾ ਟਿਮ ਸਾਊਦੀ ਮੁੜ ਚੋਟੀ ਦੇ ਦਸ ਵਿੱਚ ਥਾਂ ਬਣਾਉਣ ’ਚ ਸਫਲ ਰਿਹਾ।






